ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਖਫ਼ਾ ਪੰਜਾਬ ਦੇ ਚੌਥਾ ਦਰਜਾ ਮੁਲਾਜ਼ਮ 14 ਅਗਸਤ ਨੂੰ ਪੰਜਾਬ ਭਰ ਵਿਚ ਸਮੂਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਸਰਕਾਰ ਦੀਆਂ ‘ਦਿਓ ਕੱਦ ਅਰਥੀਆਂ’ ਨੂੰ ਅਗਨ ਭੇਟ ਕਰਨਗੇ। ਜਦਕਿ 15 ਅਗਸਤ ਨੂੰ ਕੌਮੀ ਝੰਡੇ ਲਹਿਰਾਉਣ ਲਈ ਆਉਣ ਵਾਲ਼ੇ ਮੰਤਰੀਆਂ ਨੂੰ ਕਾਲ਼ੇ ਚੋਲ਼ੇ ਪਾ ਕੇ ਰੋਸ ਪੱਤਰ ਵੀ ਦਿੱਤੇ ਜਾਣਗੇ। ਇਹ ਐਲਾਨ ਜਥੇਬੰਦੀ ਦੇ ਸੂਬਾਈ ਚੇਅਰਮੈਨ ਸੱਜਣ ਸਿੰਘ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਮੇਤ ਰਣਜੀਤ ਸਿੰਘ ਰਾਣਵਾਂ ਅਤੇ ਜਸਵਿੰਦਰ ਉੱਘੀ ਨੇ ਕੀਤਾ। ਸਰਕਾਰ ਵੱਲੋਂ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਕੇਂਦਰੀ ਤਨਖਾਹ ਸਕੇਲ ਅਪਣਾਉਣ, ਫੋਨ ਭੱਤਿਆਂ ’ਚ ਕਟੌਤੀ, ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਨੌਂ ਹਜ਼ਾਰ ਅਸਾਮੀਆਂ ਖ਼ਤਮ ਕਰਨ ਸਮੇਤ ਕਈ ਹਰ ਤਾਜ਼ਾ ਫੈਸਲਿਆਂ ਨੇ ਕੈਪਟਨ ਸਰਕਾਰ ਦੇ ਮੁਲਾਜ਼ਮ ਦੋਖੀ ਹੋਣ ਦਾ ਪ੍ਰਣਾਮ ਪੇਸ਼ ਕੀਤਾ ਹੈ।