ਸੰਜੀਵ ਹਾਂਡਾ
ਫ਼ਿਰੋਜ਼ਪੁਰ, 8 ਫ਼ਰਵਰੀ
ਫ਼ਿਰੋਜ਼ਪੁਰ ’ਚ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਇਕ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਘਟਨਾ ਵੇਲੇ ਇਹ ਬੱਚੀ ਆਪਣੀ ਮਾਂ ਨਾਲ ਐਕਟਿਵਾ ’ਤੇ ਸਕੂਲ ਤੋਂ ਪਰਤ ਰਹੀ ਸੀ। ਲੰਘੇ ਕੱਲ੍ਹ ਵਾਪਰੀ ਇਸ ਘਟਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਉਪਰ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਕਈ ਦਿਨਾਂ ਤੋਂ ਚਾਈਨਾ ਡੋਰ ਵੇਚਣ ਅਤੇ ਇਸ ਦੇ ਇਸਤੇਮਾਲ ’ਤੇ ਪਾਬੰਦੀ ਲਾਈ ਹੋਈ ਸੀ ਪਰ ਬਸੰਤ ਕਰਕੇ ਇਹ ਡੋਰ ਕੁਝ ਦੁਕਾਨਦਾਰਾਂ ਵੱਲੋਂ ਧੜੱਲੇ ਨਾਲ ਮਹਿੰਗੇ ਭਾਅ ’ਤੇ ਵੇਚੀ ਗਈ ਹੈ। ਚਾਰ ਸਾਲਾ ਬੱਚੀ ਅਸ਼ਲੀਨ ਕੌਰ ਸੋਮਵਾਰ ਨੂੰ ਆਪਣੀ ਮਾਂ ਨਾਲ ਸਕੂਲ ਤੋਂ ਵਾਪਸ ਘਰ ਆ ਰਹੀ ਸੀ। ਜਦੋਂ ਉਹ ਜ਼ੀਰਾ ਗੇਟ ਦੇ ਨਜ਼ਦੀਕ ਪਹੁੰਚੀ ਤਾਂ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਈ। ਡੋਰ ਨਾਲ ਬੱਚੀ ਦਾ ਗਲਾ ਕੱਟਿਆ ਗਿਆ ਤੇ ਡੋਰ ਨੇ ਬੱਚੀ ਦੀ ਮਾਂ ਦਾ ਅੰਗੂਠਾ ਵੀ ਵੱਢ ਦਿੱਤਾ। ਬੱਚੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਅੱਜ ਸਵੇਰੇ ਬੱਚੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।