ਗੁਰਬਖਸ਼ਪੁਰੀ
ਤਰਨ ਤਾਰਨ, 10 ਮਈ
ਸਥਾਨਕ ਮੁਰਾਦਪੁਰ ਆਬਾਦੀ ਦੇ ਵਸਨੀਕ ਗੁਰਦਿੱਤਾ (24) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ| ਉਸ ਨੇ ਕੱਲ੍ਹ ਵਧੇਰੇ ਨਸ਼ਾ ਕਰ ਲਿਆ ਸੀ। ਉਪਰੰਤ ਉਸ ਨੂੰ ਇੱਥੋਂ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਅੱਜ ਉਸ ਦੀ ਮੌਤ ਹੋ ਗਈ| ਲੋਕਾਂ ਨੇ ਕਿਹਾ ਕਿ ਮੁਹੱਲੇ ਵਿੱਚ ਨਸ਼ਿਆਂ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ ਤੇ ਪੁਲੀਸ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ।
ਗੁਰੂਹਰਸਹਾਏ (ਅਸ਼ੋਕ ਸੀਕਰੀ): ਇੱਥੇ ਬਸਤੀ ਡੇਰਿਆਂ ਵਾਲੀ ਵਿੱਚ ਨੌਜਵਾਨ ਰਜਨੀਸ਼ ਕੁਮਾਰ (33) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ| ਉਸ ਦੇ ਪਰਿਵਾਰ ਨੇ ਦੱਸਿਆ ਕਿ ਗੁਰੂਹਰਸਹਾਏ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਤੇ ਪੁਲੀਸ ਨੂੰ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ|
ਅਬੋਹਰ (ਸੁੰਦਰ ਨਾਥ ਆਰੀਆ): ਇੱਥੇ ਸੀਡ ਫਾਰਮ ਕੱਚਾ ਵਿੱਚ ਚਿੱਟੇ ਕਾਰਨ ਜਸਬੀਰ ਸਿੰਘ (25) ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੇ ਪੁੱਤਰ ਦੀ ਸਿਹਤ ਖ਼ਰਾਬ ਹੋ ਗਈ। ਉਹ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਤਨੀ ਸੁਨੀਤਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਿੰਡ ਭੰਗਚੜ੍ਹੀ ਦੇ ਨੌਜਵਾਨ ਅਰਸ਼ਦੀਪ ਸਿੰਘ (19) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਤੇ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਐੱਸਐੱਸਪੀ ਦਫ਼ਤਰ ਅੱਗੇ ਰੱਖ ਕੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ| ਅਰਸ਼ਦੀਪ ਸਿੰਘ ਦੇ ਭਰਾ ਜਸਕਰਨ ਸਿੰਘ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਨਸ਼ਾ ਵੇਚਦਾ ਹੈ, ਉਸ ਦੇ ਘਰ ਹੀ ਅਰਸ਼ਦੀਪ ਸਿੰਘ ਦੀ ਮੌਤ ਹੋਈ ਹੈ| ਥਾਣਾ ਲੱਖੇਵਾਲੀ ਦੀ ਮੁਖੀ ਲਵਮੀਤ ਕੌਰ ਨੇ ਦੱਸਿਆ ਕਿ ਪਿੰਡ ਭੰਗਚੜ੍ਹੀ ਦੇ ਗੁਰਚਰਨ ਸਿੰਘ, ਮਨਦੀਪ ਸਿੰਘ, ਹਰਜੀਤ ਕੌਰ, ਪੀਨੂ ਕੌਰ ਤੇ ਪਿੰਦੀ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ|
ਨੌਜਵਾਨ ਨੇ ਫਾਹਾ ਲਿਆ
ਤਰਨ ਤਾਰਨ: ਇਥੋਂ ਦੀ ਮੁਰਾਦਪੁਰ ਆਬਾਦੀ ਵਾਸੀ ਗੁਰਪ੍ਰੀਤ ਸਿੰਘ ਗੋਪੀ (35) ਨੇ ਅੱਜ ਸਿਵਲ ਹਸਪਤਾਲ ਕੰਪਲੈਕਸ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ| ਗੁਰਪ੍ਰੀਤ ਦੀ ਚਾਚੀ ਰਣਜੀਤ ਕੌਰ ਨੇ ਦੱਸਿਆ ਕਿ ਉਹ ਕਾਫ਼ੀ ਚਿਰ ਤੋਂ ਨਸ਼ੇ ਕਰਦਾ ਸੀ| ਉਹ ਅੱਜ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਓਟ ਸੈਂਟਰ ਤੋਂ ਦਵਾਈ ਲੈਣ ਲਈ ਆਇਆ ਸੀ| ਸੈਂਟਰ ਤੋਂ ਦਵਾਈ ਦੀ ਮਿਕਦਾਰ ਘੱਟ ਕੀਤੇ ਜਾਣ ਨਾਲ ਗੁਰਪ੍ਰੀਤ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸ ਨੇ ਨਾਲ ਦੇ ਮਰੀਜ਼ਾਂ ਤੋਂ ਨਸ਼ਾ ਖ਼ਰੀਦਣ ਲਈ 200 ਰੁਪਏ ਉਧਾਰ ਮੰਗੇ ਪਰ ਪੈਸੇ ਨਾ ਮਿਲਣ ’ਤੇ ਉਸ ਨੇ ਖ਼ੁਦਕੁਸ਼ੀ ਕਰ ਲਈ| ਸਿਵਲ ਸਰਜਨ ਡਾ. ਸੀਮਾ ਨੇ ਗੁਰਪ੍ਰੀਤ ਵੱਲੋਂ ਖ਼ੁਦਕੁਸ਼ੀ ਕਰਨ ਦੀ ਪੁਸ਼ਟੀ ਕਰਦਿਆਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ|