ਪਾਲ ਸਿੰਘ ਨੌਲੀ
ਜਲੰਧਰ, 2 ਮਾਰਚ
ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਚਾਰ ਵਿਦਿਆਰਥੀ ਅੱਜ ਯੂਕਰੇਨ ਤੋਂ ਪਰਤ ਆਏ ਹਨ। ਐੱਮਬੀਬੀਐੱਸ ਦੇ ਆਖਰੀ ਸਮੈਸਟਰ ਵਿਚ ਪੜ੍ਹ ਰਹੀ ਸ਼ਿਵਾਨੀ ਤੜਕਸਾਰ ਹੀ ਆਪਣੇ ਮਾਪਿਆਂ ਕੋਲ ਪਹੁੰਚੀ ਹੈ। ਉਸ ਕੋਲ ਟੌਲ ਫਰੀ ਨੰਬਰ ਹੋਣ ਕਰਕੇ ਉਹ ਲਗਾਤਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਉਥੋਂ ਬਚ ਕੇ ਨਿਕਲਣ ਦੇ ਰਸਤੇ ਦੱਸ ਰਹੀ ਹੈ।
ਭਾਰਤ ਸਰਕਾਰ ਦੇ ‘ਅਪਰੇਸ਼ਨ ਗੰਗਾ’ ਤਹਿਤ ਘਰ ਪਰਤੀ ਸ਼ਿਵਾਨੀ ਨੇ ਦੱਸਿਆ ਕਿ ਉਹ ਯੂਕਰੇਨ ਵਿਚ ਉਸ ਪਾਸੇ ਰਹਿ ਰਹੀ ਸੀ, ਜਿਥੇ ਜੰਗ ਦਾ ਪ੍ਰਭਾਵ ਘੱਟ ਸੀ। ਫਿਰ ਵੀ ਵਿਦਿਆਰਥੀ ਉਥੋਂ ਯੂਨੀਵਰਸਿਟੀਆਂ ਖਾਲੀ ਕਰ ਕੇ ਜਾ ਰਹੇ ਸਨ। ਸ਼ਿਵਾਨੀ ਨੇ ਦੱਸਿਆ ਕਿ ਉਹ ਰੇਲ ਗੱਡੀ ਰਾਹੀਂ ਆਪਣੇ ਜ਼ੋਖਮ ’ਤੇ ਹੰਗਰੀ ਦੀ ਸਰਹੱਦ ਤੱਕ ਪਹੁੰਚੀ ਸੀ। ਹੰਗਰੀ ਪਹੁੰਚ ਕੇ ਮੋਬਾਈਲ ਫੋਨ ਚੱਲਣੇ ਬੰਦ ਹੋ ਗਏ। ਉਥੇ ਇਕ ਭਾਰਤੀ ਕਾਰੋਬਾਰੀ ਨੇ ਉਸ ਨੂੰ ਇਕ ਟੌਲ ਫਰੀ ਨੰਬਰ ਲੈ ਕੇ ਦਿੱਤਾ ਤਾਂ ਕਿ ਉਹ ਦੂਜੇ ਵਿਦਿਆਰਥੀਆਂ ਦੀ ਵੀ ਮਦਦ ਕਰ ਸਕੇ। ਇਹ ਨੰਬਰ ਉਸ ਨੇ ਹੋਰ ਵਿਦਿਆਰਥੀਆਂ ਦੇ ਮਦਦ ਲਈ ਵੱਖ-ਵੱਖ ਗਰੁੱਪਾਂ ਵਿਚ ਪਾ ਦਿੱਤਾ ਹੈ। ਪਠਾਨਕੋਟ ਚੌਕ ਨੇੜੇ ਆਪਣੇ ਘਰ ਪਹੁੰਚੀ ਸ਼ਿਵਾਨੀ ਆਪਣੇ ਟੌਲ ਫਰੀ ਨੰਬਰ ਰਾਹੀਂ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ। ਸ਼ਿਵਾਨੀ ਦੀ ਮਾਂ ਬਬੀਤਾ ਰਾਣੀ ਨੇ ਦੱਸਿਆ ਕਿ ਹਾਲੇ ਇਕ ਮਹੀਨਾ ਪਹਿਲਾਂ ਹੀ ਛੁੱਟੀਆਂ ਕੱਟ ਕੇ ਸ਼ਿਵਾਨੀ 29 ਜਨਵਰੀ ਨੂੰ ਯੂਕਰੇਨ ਵਾਪਸ ਗਈ ਸੀ। ਉਸ ਦੀ ਪੜ੍ਹਾਈ ਹੁਣ ਖਤਮ ਹੋਣ ਵਾਲੀ ਸੀ। ਤਿੰਨ-ਚਾਰ ਮਹੀਨਿਆਂ ਬਾਅਦ ਉਸ ਨੂੰ ਡਿਗਰੀ ਮਿਲ ਜਾਣੀ ਸੀ। ਉਸ ਦੇ ਪਿਤਾ ਰਮੇਸ਼ ਚੰਦ ਨੇ ਕਿਹਾ ਕਿ ਆਪਣੀ ਧੀ ਨੂੰ ਮਿਲ ਕੇ ਉਹ ਖ਼ੁਸ਼ ਹਨ ਪਰ ਇਸ ਗੱਲ ਦਾ ਦੁੱਖ ਵੀ ਹੈ ਕਿ ਇੰਨਾ ਖਰਚਾ ਕਰ ਕੇ ਜਦੋਂ ਹੁਣ ਐੱਮਬੀਬੀਐੱਸ ਦੀ ਡਿਗਰੀ ਲੈਣ ਵਿਚ ਕੁਝ ਮਹੀਨੇ ਹੀ ਬਚੇ ਸਨ ਤਾਂ ਇਸ ਜੰਗ ਨੇ ਉਨ੍ਹਾਂ ਦੇ ਸੁਫ਼ਨਿਆਂ ’ਤੇ ਪਾਣੀ ਫੇਰ ਦਿੱਤਾ ਹੈ।
ਸ਼ਿਵਾਨੀ ਨੇ ਦੱਸਿਆ ਕਿ ਉਸ ਨਾਲ ਦੋ ਹੋਰ ਪੰਜਾਬੀ ਵਿਦਿਆਰਥੀ ਆਏ ਹਨ, ਜਿਨ੍ਹਾਂ ਵਿਚ ਇਕ ਕਪੂਰਥਲਾ ਦੀ ਰਹਿਣ ਵਾਲੀ ਈਸ਼ਾ ਗਾਂਧੀ ਤੇ ਫਿਲੌਰ ਦਾ ਰਹਿਣ ਵਾਲਾ ਮਨਿੰਦਰ ਸ਼ਾਮਲ ਹੈ। ਮਨਿੰਦਰ ਨੇ ਦੱਸਿਆ ਕਿ ਉਹ ਕੀਵ ਵਿਚ ਰਹਿੰਦਾ ਸੀ ਤੇ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਪਿਛਲੇ ਸਾਲ 13 ਅਕਤੂਬਰ ਨੂੰ ਕੀਵ ਗਿਆ ਸੀ। ਕੀਵ ’ਤੇ ਪਹਿਲਾ ਹਮਲਾ 23 ਫਰਵਰੀ ਨੂੰ ਹੋ ਗਿਆ ਸੀ ਤੇ ਅਗਲੇ ਦਿਨ ਹੀ ਉਹ ਆਪਣੇ ਦੋਸਤਾਂ ਨਾਲ ਸ਼ਹਿਰ ਤੋਂ ਬਾਹਰ ਨਿਕਲ ਗਿਆ। ਉਹ ਹੰਗਰੀ ਰਾਹੀਂ ਭਾਰਤ ਪੁੱਜਿਆ ਹੈ। ਇਸੇ ਦੌਰਾਨ ਬਲਾਚੌਰ ਦੇ ਸਾਹਿਬ ਪਿੰਡ ਦੀ ਰਹਿਣ ਵਾਲੀ ਲੜਕੀ ਸ਼ੈਫਾਲੀ ਸ਼ਰਮਾ ਵੀ ਬੀਤੇ ਦਿਨ ਘਰ ਪਹੁੰਚ ਗਈ ਹੈ।
ਯੂਕਰੇਨ ਤੋਂ ਪਰਤੀ ਸਿਮਰਨਜੀਤ ਨੇ ਬਿਆਨੇ ਹਾਲਾਤ
ਨੂਰਪੁਰ ਬੇਦੀ (ਬਲਵਿੰਦਰ ਰੈਤ): ਯੂਕਰੇਨ ਵਿੱਚ ਐੱਮਬੀਬੀਐੱਸ ਦੇ ਪੰਜਵੇਂ ਸਾਲ ਦੀ ਪੜ੍ਹਾਈ ਕਰ ਰਹੀ ਪਿੰਡ ਜੱਟਪੁਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਹਰਜੀਤ ਸਿੰਘ ਦੇਰ ਰਾਤ ਭਾਰਤ ਪਰਤ ਆਈ, ਜਿਸ ਕਾਰਨ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸਿਮਰਨਜੀਤ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨਾ ਤਾਂ ਖਾਣਾ ਮਿਲ ਰਿਹਾ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ। ਉਸ ਨੇ ਦੱਸਿਆ ਕਿ ਭਾਰਤੀ ਅੰਬੈਸੀ ਨੇ ਪਹਿਲਾਂ 18 ਫਰਵਰੀ ਨੂੰ ਟਵਿੱਟਰ ਤੇ ਹੋਰ ਸਾਧਨਾਂ ਰਾਹੀਂ ਜੰਗ ਦੇ ਪੈਦਾ ਹੋਏ ਹਾਲਾਤਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਸੀ। ਪਹਿਲਾਂ ਤਾਂ ਇਸ ਨੂੰ ਫੇਕ ਨਿਊਜ਼ ਸਮਝਿਆ ਗਿਆ ਅਤੇ ਬਾਅਦ ਵਿੱਚ 23 ਫਰਵਰੀ ਨੂੰ ਭਾਰਤ ਵਾਪਸ ਜਾਣ ਲਈ ਅੰਬੈਸੀ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਕਾਰਨ ਵਿਦਿਆਰਥੀ ਜ਼ਰੂਰੀ ਦਸਤਾਵੇਜ਼ ਇਕੱਠਾ ਕਰਨ ਜੁਟ ਗਏ, ਜਦ ਕਿ ਇਸ ਦੌਰਾਨ ਯੂਨੀਵਰਸਿਟੀ ਨੇ ਪੜ੍ਹਾਈ ਜਾਰੀ ਰੱਖੀ ਅਤੇ ਬਾਅਦ ’ਚ 25 ਫਰਵਰੀ ਤੋਂ ਆਨਲਾਈਨ ਕਲਾਸਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮਗਰੋਂ 26 ਫਰਵਰੀ ਨੂੰ ਕੁਝ ਵਿਦਿਆਰਥੀਆਂ ਨੇ ਮਿਲ ਕੇ 3-4 ਬੱਸਾਂ ਕਿਰਾਏ ’ਤੇ ਲਈਆਂ ਅਤੇ ਰੋਮਾਨੀਆ ਦੇਸ਼ ’ਚ ਦਾਖ਼ਲ ਹੋਣ ਲਈ ਬਾਰਡਰ ਵੱਲ ਚੱਲ ਪਏ। ਉਸ ਨੇ ਦੱਸਿਆ ਕਿ ਭਾਰਤ ਜਾਣ ਵਾਲੇ ਵਿਅਕਤੀਆਂ ਦੀ ਸੂਚੀ ’ਚ ਕੁਝ ਹੀ ਵਿਦਿਆਰਥੀਆਂ ਦੇ ਨਾਂ ਸ਼ਾਮਲ ਸਨ, ਮਗਰੋਂ ਉਹ ਤੇ ਕੁਝ ਹੋਰ ਵਿਦਿਆਰਥੀ ਰੋਮਾਨੀਆ ਹਵਾਈ ਅੱਡੇ ’ਤੇ ਪਹੁੰਚੇ, ਜਿੱਥੋਂ ਉਹ ਭਾਰਤ ਰਵਾਨਾ ਹੋਏ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚ 18 ਤੋਂ 20 ਹਜ਼ਾਰ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਵਿਦਿਆਰਥੀ ਹੀ ਘਰ ਪਰਤ ਸਕੇ ਹਨ। ਵਿਦਿਆਰਥਣ ਦੇ ਪਿਤਾ ਹਰਜੀਤ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਆਖਿਆ ਕਿ ਭਾਰਤ ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਦੀ ਬੇਟੀ ਦੇਸ਼ ਪਰਤੀ ਹੈ, ਜਿਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ।