ਪੱਤਰ ਪ੍ਰੇਰਕ
ਤਲਵੰਡੀ ਸਾਬੋ, 10 ਜੂਨ
ਇੱਥੋਂ ਦੇ ਗੁਰਦੁਆਰਾ ਭਾਈ ਸਾਹਿਬ ਸਿੰਘ ਵਿਖੇ ਬੀਤੀ ਰਾਤ ਗੁਰੂੁ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲੀਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਦਿੱਤੀ ਹੈ। ਹਾਲਾਂਕਿ ਮੁੱਢਲੀ ਪੜਤਾਲ ਦੌਰਾਨ ਇਹ ਮਾਮਲਾ ਬਿਜਲੀ ਸ਼ਾਰਟ ਸਰਕਟ ਦਾ ਲੱਗ ਰਿਹਾ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅੱਗ ਲੱਗਣ ਦਾ ਪਤਾ ਸਵੇਰੇ ਲੱਗਿਆ, ਜਿਸ ਦੀ ਸੂਚਨਾ ਪ੍ਰਬੰਧਕਾਂ ਵੱਲੋਂ ਸ਼੍ਰ੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਧਰਮ ਪ੍ਰਚਾਰ ਉਪ ਦਫ਼ਤਰ ਨੂੰ ਦਿੱਤੀ ਗਈ। ਇਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਫੂਲਾ ਸਿੰਘ ਅਤੇ ਪੰਜ ਪਿਆਰੇ ਘਟਨਾ ਸਥਾਨ ’ਤੇ ਪਹੁੰਚ ਗਏ, ਜਿਨ੍ਹਾਂ ਨੇ ਅਗਨ ਭੇਟ ਹੋਏ ਸਰੂਪਾਂ ਨੂੰ ਗੁਰ ਮਰਿਯਾਦਾ ਅਨੁਸਾਰ ਤਖ਼ਤ ਸਾਹਿਬ ਵਿਖੇ ਭੇਜਿਆ। ਇਸ ਦੌਰਾਨ ਭਾਈ ਫੂਲਾ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਾਂ ਵਿੱਚ ਵੱਡੀ ਘਾਟ ਪਾਈ ਗਈ ਹੈ, ਜਿਸ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਨੂੰ ਭੇਜ ਦਿੱਤੀ ਜਾਵੇਗੀ। ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਦੇ ਐੱਸਪੀ ਸੁਮੀਰ ਵਰਮਾ ਤੇ ਡੀਐੱਸਪੀ ਜਸਮੀਤ ਸਿੰਘ ਵੀ ਗੁਰਦੁਆਰੇ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਆਪਣੇ ਤੌਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਸੁਮੀਰ ਵਰਮਾ ਅਨੁਸਾਰ ਮਾਮਲਾ ਸ਼ਾਰਟ ਸਰਕਟ ਦਾ ਹੈ, ਪਰ ਫਿਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।