ਜੋਗਿੰਦਰ ਸਿੰਘ ਓਬਰਾਏ
ਖੰਨਾ, 6 ਜੁਲਾਈ
ਪੁਲੀਸ ਨੇ ਖਾਲਿਸਤਾਨ ਲਬਿਰੇਸ਼ਨ ਫੋਰਸ (ਕੇਐੱਲਐੱਫ਼) ਵੱਲੋਂ ਚਲਾਏ ਜਾ ਰਹੇ ‘ਟਾਰਗੈੱਟ ਕਿਲਿੰਗ’ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਪੁਲੀਸ ਪਾਰਟੀ ਨੇ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕਿਆ। ਉਸ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਨੇ ਪੁਲੀਸ ’ਤੇ ਫਾਇਰ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੁਸਤੈਦੀ ਨਾਲ ਦੋ ਜਣਿਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਕੀਰਤਪੁਰ ਸਾਹਿਬ, ਗੌਰਵ ਜੈਨ ਉਰਫ਼ ਮਿੰਕੂ ਵਾਸੀ ਕਾਲਿਆਂਵਾਲਾ (ਸਿਰਸਾ) ਵਜੋਂ ਹੋਈ। ਜਦੋਂਕਿ ਪੁਲੀਸ ਨੇ ਉਨ੍ਹਾਂ ਦੇ ਤੀਜੇ ਸਾਥੀ ਜਸਪ੍ਰੀਤ ਸਿੰਘ ਉਰਫ਼ ਨੂਪੀ ਵਾਸੀ ਕੀਰਤਪੁਰ ਸਾਹਿਬ ਨੂੰ ਸੂਆ ਪੁਲੀ ਮਾਜਰੀ ਨੇੜਿਓਂ ਪ੍ਰਸ਼ਾਂਤ ਉਰਫ਼ ਕਬੀਰ ਵਾਸੀ ਚੰਡੀਗੜ੍ਹ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2 ਪਿਸਤੌਲ 32 ਬੋਰ, 4 ਮੈਗਜ਼ੀਨ, 2 ਕਾਰਤੂਸ, ਕਾਰਤੂਸ ਦਾ ਖੋਲ ਤੇ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਵਾਰਦਾਤ ਲਈ ਵਰਤੀ ਗਈ ਕਾਰ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਜਿਸ ਨੂੰ ਮੁਲਜ਼ਮਾਂ ਨੇ ਜ਼ੀਰਕਪੁਰ ਤੋਂ ਖੋਹਿਆ ਸੀ। ਜਸਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਅਤੇ ਉੱਥੋਂ ਦੋ ਜਣਿਆਂ ਨਾਲ ਬੀਤੀ 28 ਅਪਰੈਲ ਨੂੰ ਫ਼ਰਾਰ ਹੋਇਆ ਸੀ। ਮਗਰੋਂ ਉਸ ਨੇ ਕਾਰ ਖੋਹੀ ਅਤੇ ਖਰੜ ਵਿੱਚ ਪੈਟਰੋਲ ਪੰਪ ਤੋਂ 50 ਹਜ਼ਾਰ ਰੁਪਏ ਲੁੱਟੇ। ਇਸ ਦੌਰਾਨ ਉਹ ਕੇਐੱਲਐੱਫ (ਜਰਮਨੀ) ਦੇ ਸੰਪਰਕ ’ਚ ਆਇਆ, ਜਿਸ ਨੇ ਉਸ ਦੀ ਆਰਥਿਕ ਮਦਦ ਕਰ ਕੇ ਟਾਰਗੈੱਟ ਕਿਲਿੰਗ ਲਈ ਤਿਆਰ ਕਰ ਲਿਆ। ਇਸ ਮਗਰੋਂ ਉਸ ਨੇ ਪੰਜਾਬ ਦੇ ਕਈ ਵਿਅਕਤੀਆਂ ਦੀ ਰੇਕੀ ਵੀ ਕੀਤੀ।