ਪਾਤੜਾਂ/ਦੇਵੀਗੜ੍ਹ (ਪੱਤਰ ਪ੍ਰੇਰਕ); ਸਥਾਨਕ ਪਟਿਆਲਾ ਰੋਡ ’ਤੇ ਰਿਲਾਇੰਸ ਪੰਪ ਨੇੜੇ ਇੱਕ ਕੰਬਾਈਨ ਅਤੇ ਕਾਰ ਦੀ ਟੱਕਰ ਵਿੱਚ ਕਾਰ ਸਵਾਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿੱਚ ਇੱਕ ਔਰਤ ਅਤੇ ਕੰਬਾਈਨ ਦਾ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਪਾਤੜਾਂ ਤੋਂ ਪਟਿਆਲਾ ਵੱਲ ਜਾ ਰਹੀ ਇੱਕ ਕੰਬਾਈਨ ਅਤੇ ਸਾਹਮਣੇ ਤੋਂ ਆ ਰਹੀ ਸਵੀਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਅਮਰਜੀਤ ਸਿੰਘ ਤੇ ਉਸ ਦੇ ਭਰਾ ਬਸੰਤ ਸਿੰਘ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪਿੰਡ ਪਹਾੜੀਪੁਰ ਨੇੜੇ ਅੱਜ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਪਤੀ-ਪਤਨੀ ਦੀ ਮੌਤ ਹੋ ਗਈ। ਪਿੰਡ ਅਰਨੋ ਦੇ ਰਹਿਣ ਵਾਲੇ ਗੁਰਭੇਜ ਸਿੰਘ ਉਸ ਦੀ ਪਤਨੀ ਬਲਵਿੰਦਰ ਕੌਰ ਸਪਲੈਂਡਰ ਮੋਟਰਸਾਈਕਲ ’ਤੇ ਪਟਿਆਲਾ ਤੋਂ ਪਿੰਡ ਅਰਨੋ ਵੱਲ ਜਾ ਰਹੇ ਸਨ, ਜਦੋਂ ਇਹ ਪਿੰਡ ਪਹਾੜੀਪੁਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।