ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਜੁਲਾਈ
ਮੁੱਖ ਅੰਸ਼
- ਚਾਰੋਂ ਸਨ ਆਰਕੈਸਟਰਾ ਗਰੁੱਪ ਦੇ ਮੈਂਬਰ
ਉੱਤਰਾਖੰਡ ਦੇ ਜ਼ਿਲ੍ਹਾ ਨੈਨੀਤਾਲ ਦੇ ਰਾਮਨਗਰ ਖੇਤਰ ’ਚ ਅੱਜ ਤੜਕੇ ਇਕ ਕਾਰ ਦੇ ਪਾਣੀ ਵਿੱਚ ਰੁੜ੍ਹਨ ਕਾਰਨ ਮਾਰੇ ਗਏ ਨੌਂ ਜਣਿਆਂ ਵਿੱਚੋਂ ਚਾਰ ਪਟਿਆਲਾ ਨਾਲ ਸਬੰਧਤ ਸਨ। ਇਨ੍ਹਾਂ ਚਾਰੋਂ ਵਿੱਚੋਂ ਦੋ ਮਹਿਲਾਵਾਂ ਸਨ। ਮੁੱਖ ਤੌਰ ’ਤੇ ਇਹ ਆਰਕੈਸਟਰਾ ਦਾ ਕੰਮ ਕਰਦੇ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਉੱਤਰਾਖੰਡ ’ਚ ਕੋਈ ਸਮਾਗਮ ਭੁਗਤਾ ਕੇ ਅਰਟਿਗਾ ਕਾਰ ਰਾਹੀਂ ਵਾਪਸ ਆ ਰਹੇ ਸਨ। ਕਾਰ ’ਚ ਕੁੱਲ ਦਸ ਜਣੇ ਸਵਾਰ ਸਨ, ਜਿਨ੍ਹਾਂ ਵਿਚੋਂ ਇੱਕ ਲੜਕੀ ਹੀ ਬਚੀ ਹੈ।
ਮ੍ਰਿਤਕਾਂ ਵਿੱਚ ਇੱਕ ਨੋਇਡਾ, ਇੱਕ ਨੈਨੀਤਾਲ ਸਮੇਤ ਦੋ ਦਿੱਲੀ ਦੀਆਂ ਮਹਿਲਾਵਾਂ ਹਨ ਜਦਕਿ ਬਾਕੀ ਪੰਜ ਜਣਿਆਂ ਵਿੱਚੋਂ ਇੱਕ ਭਵਾਨੀਗੜ੍ਹ ਅਤੇ ਚਾਰ ਪਟਿਆਲਾ ਦੇ ਹਨ। ਪਟਿਆਲਾ ਵਿਚਲੇ ਮ੍ਰਿਤਕਾਂ ਵਿੱਚ ਜਾਨ੍ਹਵੀ ਉਰਫ ਸਪਨਾ ਵਾਸੀ ਇੰਦਰਪੁਰਾ ਨੇੜੇ ਪਟਿਆਲਾ ਅਤੇ ਕਵਿਤਾ ਵਾਸੀ ਗੁਰੂ ਅੰਗਦ ਦੇਵ ਕਲੋਨੀ ਰਾਜਪੁਰਾ ਸਮੇਤ ਪਵਨ ਜੈਕਬ ਤੇ ਇਕਬਾਲ ਕੁਮਾਰ ਵਾਸੀ ਭੀਮ ਨਗਰ ਸਫਾਬਾਦੀ ਗੇਟ ਪਟਿਆਲਾ ਸ਼ਾਮਲ ਹਨ। ਪਵਨ ਜੈਕਬ ਆਰਕੈਸਟਰਾ ਗਰੁੱਪ ਚਲਾਉਂਦਾ ਸੀ ਤੇ ਇਕਬਾਲ ਉਸ ਦੇ ਨਾਲ ਸਾਜੋ-ਸਾਮਾਨ ਦੀ ਸਾਂਭ ਸੰਭਾਲ ਕਰਦਾ ਸੀ। ਉਹ ਉੱਤਰਾਖੰਡ ਵਿੱਚ ਪ੍ਰੋਗਰਾਮ ਭੁਗਤਾ ਕੇ ਜਦੋਂ ਵਾਪਸ ਆ ਰਹੇ ਸਨ ਤਾਂ ਜ਼ਿਲ੍ਹਾ ਨੈਨੀਤਾਲ ਦੇ ਰਾਮਨਗਰ ਖੇਤਰ ’ਚ ਪੁਲ ਉਪਰੋਂ ਲੰਘਣ ਮੌਕੇ ਕਾਰ ਪਾਣੀ ’ਚ ਰੁੜ੍ਹ ਗਈ। ਅੱਜ ਤੜਕੇ ਵਾਪਰੇ ਇਸ ਹਾਦਸੇ ਦੀ ਖ਼ਬਰ ਪਟਿਆਲਾ ਪੁੱੱਜਣ ’ਤੇ ਮ੍ਰਿਤਕਾਂ ਦੇ ਪਰਿਵਾਰਾਂ ’ਚ ਸੋਗ ਫੈਲ ਗਿਆ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਚਾਰੋਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਕਾਰ ਵਿੱਚ ਹੀ ਗਿਆ ਪੰਜਵਾਂ ਮੈਂਬਰ ਅਮਨਦੀਪ ਸਿੰਘ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਅਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
ਕਾਰ ਦਾ ਸੰਤੁਲਨ ਵਿਗੜਨ ਕਾਰਨ ਨੌਜਵਾਨ ਦੀ ਮੌਤ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦਾ ਡਾ. ਪਰੀਤਾਜ ਗਿੱਲ (33) ਜੋ ਕਿ ਉੱਤਰਾਖੰਡ ਦੇ ਮਸੂਰੀ ਵਿੱਚ ਘੁੰਮਣ ਗਿਆ ਸੀ, ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਵਾਪਰੇ ਹਾਦਸੇ ’ਚ ਅੱਜ ਉੱਥੇ ਮੌਤ ਹੋ ਗਈ। ਹਾਲੇ ਬੀਤੇ ਦਿਨ ਹੀ ਪਰੀਤਾਜ ਨੇ ਆਪਣਾ ਜਨਮ ਦਿਨ ਮਨਾਇਆ ਸੀ। ਉਸ ਦਾ ਸਸਕਾਰ ਪਿੰਡ ਰੂਮੀ ਵਿੱਚ ਸ਼ਨਿਚਰਵਾਰ ਨੂੰ ਕੀਤਾ ਜਾਵੇਗਾ। ਉਸ ਦੇ ਪਿਤਾ ਡਾ. ਸੁਖਦੇਵ ਸਿੰਘ ਗਿੱਲ ਸਿਵਲ ਹਸਪਤਾਲ ਜਗਰਾਉਂ ’ਚ ਸਰਜਨ ਰਹੇ ਹਨ ਅਤੇ ਹੁਣ ਪਿੰਡ ਰੂਮੀ ਵਿੱਚ ਲੋਕ ਸੇਵਾ ਨੂੰ ਸਮਰਪਿਤ ਹਸਪਤਾਲ ਚਲਾਉਂਦੇ ਹਨ।