ਲੁਧਿਆਣਾ, 16 ਮਈ
ਪੁਲੀਸ ਨੇ ਦੋ ਥਾਣੇਦਾਰਾਂ ਦੇ ਕਤਲ ਮਾਮਲੇ ’ਚ ਕਥਿਤ ਸ਼ਾਮਲ ਚਾਰ ਮੁਲਜ਼ਮਾਂ, ਜਿਨ੍ਹਾਂ ਵਿੱਚੋਂ ਇੱਕ ਖ਼ਤਰਨਾਕ ਗੈਂਗਸਟਰ ਹੈ, ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਐਤਵਾਰ ਨੂੰ ਪੁਲੀਸ ਨੇ ਦਿੱਤੀ। ਦੱਸਣਯੋਗ ਹੈ ਪੰਜਾਬ ਪੁਲੀਸ ਦੇ ਦੋ ਏਐੱਸਆਈ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਸ਼ਨਿਚਰਵਾਰ ਨੂੰ ਜਗਰਾਉਂ ਅਨਾਜ ਮੰਡੀ ’ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਧਾਰਾ 302, 307 ਅਤੇ ਅਸਲਾ ਐਕਟ ਦੇ ਹੋਰ ਧਾਰਾਵਾਂ ਤਹਿਤ ਫਿਰੋਜ਼ਪੁਰ ਦੇ ਜੈਪਾਲ ਸਿੰਘ ਭੁੱਲਰ, ਮੋਗਾ ਦੇ ਬਲਵਿੰਦਰ ਸਿੰਘ ਉਰਫ਼ ਬੱਬੂ, ਖਰੜ ਦੇ ਜਸਪ੍ਰੀਤ ਸਿੰਘ ਅਤੇ ਲੁਧਿਆਣਾ ਜ਼ਿਲ੍ਹੇ ਦੇ ਦਰਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਆਈਜੀਪੀ ਨੌਨਿਹਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਵੱਖ-ਵੱਖ ਪੁਲੀਸ ਟੀਮਾਂ ਵੱਲੋਂ ਛਾਪੇ ਮਾਰੇ ਗਏ ਹਨ, ਪਰ ਹਾਲੇ ਕੋਈ ਸਫਲਤਾ ਨਹੀਂ ਮਿਲੀ। ਪੁਲੀਸ ਮੁਤਾਬਕ ਉਕਤ ਸਾਰੇ ਮੁਲਜ਼ਮ ਇੱਕ ਨਸ਼ਾ ਤਸਕਰੀ ਗਰੋਹ ਦੇ ਮੈਂਬਰ ਹਨ, ਜਿਸ ਦਾ ਆਗੂ ਭੁੱਲਰ ਹੈ। ਪੁਲੀਸ ਨੇ ਚਾਰੇ ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। -ਏਜੰਸੀ