ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਜੁਲਾਈ
ਭਾਰੀ ਬਰਸਾਤ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਕੰਧ ਧਸ ਜਾਣ ਕਰਕੇ ਘਰ ਦੀ ਛੱਤ ਡਿੱਗ ਗਈ ਜਿਸ ਦੇ ਹੇਠਾਂ ਆ ਕੇ ਪਰਿਵਾਰ ਦੇ ਮੁਖੀ, ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲਗਦੇ ਸਾਰ ਲੋਕਾਂ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਨੇ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ। ਪਾਤੜਾਂ ਦੇ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਲਾਸ਼ਾਂ ਪੋਸਟਮਾਰਟਮ ਲਈ ਸਮਾਣਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ।
ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਕਸਬਾ ਅਸੰਧ ਤੋਂ ਆ ਕੇ ਗਰੀਬ ਪਰਿਵਾਰ ਪਿਛਲੇ ਇਕ ਸਾਲ ਤੋਂ ਸ਼ਹਿਰ ਦੇ ਵਾਰਡ ਨੰਬਰ ਨੌਂ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਪਰਿਵਾਰ ਪੱਲੇਦਾਰੀ ਕਰਕੇ ਗੁਜ਼ਾਰਾ ਕਰਦਾ ਸੀ। ਅੱਜ ਸਵੇਰੇ ਤੜਕਸਾਰ ਜਦੋਂ ਪਰਿਵਾਰ ਹਾਲੇ ਜਾਗਿਆ ਨਹੀਂ ਸੀ ਤਾਂ ਮਕਾਨ ਦੀ ਇੱਕ ਕੰਧ ਧਸ ਜਾਣ ਕਾਰਨ ਛੱਤ ਡਿੱਗ ਗਈ। ਮਲਬੇ ਹੇਠਾਂ ਪਰਿਵਾਰ ਦੇ ਪੰਜ ਜੀਅ ਰਾਜੂ (42), ਪਤਨੀ ਸੁਨੀਤਾ (38), ਬੇਟਾ ਅਮਨ ਤੇ ਵਿਕਾਸ ਅਤੇ ਬੇਟੀ ਊਸ਼ਾ (11) ਆ ਗਏ। ਵਿਕਾਸ ਨੂੰ ਛੱਡ ਕੇ ਬਾਕੀ ਪਰਿਵਾਰ ਦੇ ਜੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜਿਹੜੇ ਮਕਾਨ ਵਿੱਚ ਰਾਜੂ ਅਤੇ ਉਸ ਦਾ ਪਰਿਵਾਰ ਕਿਰਾਏ ਉਤੇ ਰਹਿੰਦਾ ਸੀ, ਉਸ ਦੇ ਨਾਲ ਲੱਗਦੇ ਖੇਤਾਂ ਵਿੱਚ ਝੋਨਾ ਲੱਗਾ ਹੋਇਆ ਹੈ। ਮਕਾਨਾਂ ਦੀਆਂ ਨੀਹਾਂ ਵਿੱਚ ਪਾਣੀ ਭਰਨ ਕਾਰਨ ਕੰਧ ਧਸ ਗਈ ਜੋ ਪਰਿਵਾਰ ਲਈ ਜਾਨਲੇਵਾ ਸਾਬਤ ਹੋਈ।
ਵਿਧਾਇਕ ਨੇ ਬੱਚੇ ਦੀ ਸਹਾਇਤਾ ਦਾ ਦਿੱਤਾ ਭਰੋਸਾ
ਵਰ੍ਹਦੇ ਮੀਂਹ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਮਿਨੀ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਾਣਾ ਲੈ ਕੇ ਜਾਣ ਲਈ ਗੱਡੀਆਂ ਦਾ ਪ੍ਰਬੰਧ ਵੀ ਕਰਵਾਇਆ। ਉਨ੍ਹਾਂ ਕਿਹਾ ਕਿ ਉਹ ਹਾਦਸੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਜ਼ਖ਼ਮੀ ਬੱਚੇ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਨਗੇ।