ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਜੁਲਾਈ
ਪੰਜਾਬ ਪੁਲੀਸ ਦੀ ਸੂਹ ’ਤੇ ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ ਨੇ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੁਹਾਲੀ ਨਾਲ ਸਾਂਝੀ ਕਾਰਵਾਈ ਤਹਿਤ ਗੁਜਰਾਤ ਦੀ ਮੁੰਦਰਾ ਬੰਦਰਗਾਹ ਨੇੜੇ ਇੱਕ ਕੰਟੇਨਰ ਵਿੱਚੋਂ ਬਰਾਮਦ ਕੀਤੀ 75 ਕਿੱਲੋ ਹੈਰੋਇਨ ਸਬੰਧੀ ਗੁਜਰਾਤ ਦੀ ਏਟੀਐੱਸ ਟੀਮ ਨੇ ਪੰਜਾਬ ਪੁੱਜ ਕੇ ਮਾਲੇਰਕੋਟਲਾ ਨਾਲ ਸਬੰਧਤ ਚਾਰ ਜਣਿਆਂ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਕੰਟੇਨਰ ’ਚੋਂ ਹੈਰੋਇਨ ਬਰਾਮਦ ਹੋਈ ਹੈ ਉਹ ਕੰਟੇਨਰ ਯੂਏਈ ਦੀ ਜ਼ੇਬਲ ਅਲੀ ਬੰਦਰਗਾਹ ਤੋਂ ਭੇਜਿਆ ਗਿਆ ਹੈ, ਜੋ ਲੁਧਿਆਣਾ ਦੇ ਇੱਕ ਏਜੰਟ ਦੀ ਏਜੰਸੀ ਵੱਲੋਂ ਮਾਲੇਰਕੋਟਲਾ ਦੇ ਇੱਕ ਦਰਾਮਦਕਾਰ ਲਈ ਬੁੱਕ ਕਰਵਾਇਆ ਗਿਆ ਸੀ। ਕੰਟੇਨਰ ਵਿੱਚੋਂ ਕੱਪੜਿਆਂ ਦੇ ਥਾਨ ਦੇ ਵੀਹ ਰੋਲ ਮਿਲੇ ਜੋ ਗੱਤੇ ਦੀਆਂ ਪਾਈਪਾਂ ’ਤੇ ਲਪੇਟੇ ਹੋਏ ਸਨ। ਇਨ੍ਹਾਂ ਪਾਈਪਾਂ ਨੂੰ ਅੱਗੋਂ ਪਲਾਸਟਿਕ ਦੇ ਹੋਰ ਪਾਈਪ ਵਿੱਚ ਪਾ ਕੇ ਨਸ਼ੀਲਾ ਪਦਾਰਥ ਪਾਇਆ ਹੋਇਆ ਸੀ।