ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ
ਥਾਣਾ ਕੋਟਭਾਈ ਦੀ ਪੁਲੀਸ ਨੇ ਔਰਤ ਸਮੇਤ 4 ਵਿਅਕਤੀਆਂ ਨੂੰ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ| ਐੱਸਆਈ ਰਮਨ ਕੁਮਾਰ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਏਐੱਸਆਈ ਹਰਜੀਤ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਦੌਰਾਨ ਪਿੰਡ ਦੋਦਾ, ਕਾਉਣੀ ਨੂੰ ਜਾ ਰਹੀ ਸੀ। ਜਦੋਂ ਪੁਲੀਸ ਪਾਰਟੀ ਪੁਲ ਸੂਆ ਕੱਚੀ ਪਟੜੀ ’ਤੇ ਪਹੁੰਚੀ ਤਾਂ ਪਟੜੀ ਦੇ ਖੱਬੇ ਪਾਸੇ ਖਾਲੀ ਜਗ੍ਹਾ ’ਤੇ ਕਰੋਲਾ ਗੱਡੀ ਖੜ੍ਹੀ ਦਿਖਾਈ ਦਿੱਤੀ। ਇਸ ਦੇ ਕੋਲ ਇੱਕ ਔਰਤ ਅਤੇ ਤਿੰਨ ਵਿਅਕਤੀ ਖੜ੍ਹੇ ਸਨ| ਐੱਸਆਈ ਰਮਨ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਦਿਨੇਸ਼ ਕੁਮਾਰ ਯਾਦਵ ਵਾਸੀ ਰਾਏਪੁਰ, ਰਾਜੇਸ਼ ਕੁਮਾਰ ਯਾਦਵ ਵਾਸੀ ਖਟਖਟ, ਸ਼ਮਿੰਦਰ ਸਿੰਘ ਵਾਸੀ ਥਾਂਦੇਵਾਲਾ ਤੇ ਵੀਰਪਾਲ ਕੌਰ ਵਾਸੀ ਥਾਂਦੇਵਾਲੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 1 ਕਿੱਲੋ 750 ਗ੍ਰਾਮ ਅਫੀਮ ਅਤੇ ਕਰੀਬ 1.77 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।