ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 1 ਸਤੰਬਰ
ਪੁਲੀਸ ਨੇ ਦੋ ਵੱਖ ਵੱਖ ਥਾਈਂ ਕੀਤੀ ਨਾਕੇਬੰਦੀ ਦੌਰਾਨ ਦੋ ਮੁਲਜ਼ਮਾਂ ਤੋਂ ਤੋਂ ਚਾਰ ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਐਸ.ਆਈ. ਕੁਲਦੀਪ ਚੰਦ ਨੇ ਦੱਸਿਆ ਕਿ ਪੁਲੀਸ ਵੱਲੋਂ ਬੱਸ ਸਟੈਂਡ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਤੋਂ ਇਕ ਕਿੱਲੋ 400 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਵਾਸੀ ਪਿੰਡ ਜੋਤਰਾਜ ਤਹਿਸੀਲ ਕਰਵਾਲੀ ਜ਼ਿਲ੍ਹਾ ਆਗਰਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਲੰਘੀ ਰਾਤ ਪੁਲੀਸ ਵੱਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਤੋਂ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸੁਰੇਸ਼ ਚੰਦ ਵਾਸੀ ਪਿੰਡ ਨਗਲਾ ਤਹਿਸੀਲ ਕਰਵਾਲੀ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਖਰੜ (ਪੱਤਰ ਪ੍ਰੇਰਕ): ਖਰੜ ਸਿਟੀ ਪੁਲੀਸ ਨੇ ਇੱਕ ਕਿਲੋ 400 ਗ੍ਰਾਮ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸਐੱਚਓ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ਾਬੀਨ ਅਤੇ ਸੰਜੀਵ ਕੁਮਾਰ ਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ। ਇਹ ਉਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਇਥੇ ਵੇਚਣ ਲਈ ਆ ਰਹੇ ਹਨ।