ਬਠਿੰਡਾ (ਪੱਤਰ ਪ੍ਰੇਰਕ): ਪੰਜਾਬ ਵਿਜੀਲੈਂਸ ਬਿਊਰੋ ਨੇ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਰਸਤੇ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿੱਚ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸ ਦਾ ਪੁੱਤਰ, ਤਿੰਨ ਡਰਾਈਵਰਾਂ ਤੇ ਇੱਕ ਏਜੰਟ ਸਮੇਤ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ, ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਟਰਾਂਸਪੋਰਟ ਕੰਪਨੀ ਦੇ ਮਾਲਕ ਦੇ ਪੁੱਤਰ, ਤਿੰਨ ਡਰਾਈਵਰਾਂ ਅਤੇ ਇੱਕ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖ਼ਤਾ ਜਾਣਕਾਰੀ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਬਠਿੰਡਾ ਵਿੱਚ ਮਾਲ ਢੋਣ ਵਾਲੀਆਂ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਤਿੰਨ ਗੱਡੀਆਂ ਵਿਚ ਲੱਦੇ ਹੋਏ ਸਾਮਾਨ ਵਿੱਚੋਂ ਕੁੱਝ ਸਾਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਮੌਕੇ ਉਤੇ ਕੀਤੀ ਮੁੱਢਲੀ ਜਾਂਚ ਉਪਰੰਤ ਇਸ ਘਪਲੇਬਾਜ਼ੀ ਅਤੇ ਮਿਲੀਭੁਗਤ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪੁੱਤਰ ਮਨਦੀਪ ਸਿੰਘ, ਡਰਾਈਵਰ ਸੰਜੇ ਕੁਮਾਰ, ਡਰਾਈਵਰ ਗੁਰਦਾਸ ਸਿੰਘ, ਡਰਾਈਵਰ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।