ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 13 ਸਤੰਬਰ
ਮੋਗਾ ਦੀ ਅਦਾਲਤ ਨੇ ਪਿਛਲੇ ਸਾਲ ਦਰਜ ਹੋਏ ਕੇਸ ਸਬੰਧੀ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਨ੍ਹਾਂ ਵਿਚ ‘ਆਪ’ ਪੰਜਾਬ ਦੇ ਸੰਯੁਕਤ ਸਕੱਤਰ ਅਜੈ ਸ਼ਰਮਾ, ਪੰਜਾਬ ਯੂਥ ਵਿੰਗ ਦੇ ਉਪ ਪ੍ਰਧਾਨ ਅਵਤਾਰ ਸਿੰਘ ਬੰਟੀ, ਜਨਰਲ ਸਕੱਤਰ ਵਿਮੈੱਨ ਵਿੰਗ ਰਿੰਪੀ ਗਰੇਵਾਲ ਅਤੇ ਫੈਡਰੇਸ਼ਨ ਆਗੂ ਰਾਜਿੰਦਰ ਸਿੰਘ ਰਿਆੜ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਅਜੈ ਸ਼ਰਮਾ ਨੇ ਬਰੀ ਹੋਣ ਮਗਰੋਂ ਦੱਸਿਆ ਕਿ ਉਨ੍ਹਾਂ ਡਾਕਟਰ ਦੀ ਅਣਗਹਿਲੀ ਨਾਲ ਮਰੇ ਮਰੀਜ਼ ਦੇ ਵਾਰਸਾਂ ਨੂੰ ਮੁਆਵਜ਼ਾ ਦਿਵਾਉਣ ਲਈ ਧਰਨਾ ਲਾਇਆ ਸੀ ਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ‘ਆਪ’ ਕਾਰਕੁਨਾਂ ’ਤੇ ਝੂਠਾ ਪਰਚਾ ਦਰਜ ਕੀਤਾ ਸੀ ਪਰ ਹੁਣ ਸੱਚ ਤੇ ਸੰਘਰਸ਼ ਕਰਨ ਵਾਲਿਆਂ ਦੀ ਜਿੱਤ ਹੋਈ ਹੈ ਤੇ ਉਹ ਹਮੇਸ਼ਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ।