ਜਗਮੋਹਨ ਸਿੰਘ
ਰੂਪਨਗਰ, 22 ਅਪਰੈਲ
ਇੱਥੇ ਪਿੰਡ ਕੋਟਲਾ ਨਿਹੰਗ ਖਾਨ (ਭੱਠਾ ਸਾਹਿਬ) ਵਿਚ ਸਥਿਤ ਇਤਿਹਾਸਕ ਨਿਹੰਗ ਖਾਨ ਦੇ ਕਿਲ੍ਹੇ ਦੇ ਕਬਜ਼ੇ ਨੂੰ ਲੈ ਕਿਰਤੀ ਕਿਸਾਨ ਮੋਰਚਾ ਤੇ ਕਿਲ੍ਹੇ ਦੇ ਅਲਾਟੀ ਹੋਣ ਦਾ ਦਾਅਵਾ ਕਰ ਰਹੀ ਧਿਰ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਅੱਜ ਪ੍ਰਸਾਸ਼ਨ ਵੱਲੋਂ ਦੋਵੇਂ ਧਿਰਾਂ ਦੀ ਮੀਟਿੰਗ ਕਰਵਾਈ ਗਈ। ਇਸ ਦੌਰਾਨ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੀ ਐਸਡੀਐਮ ਰੂਪਨਗਰ ਦੇ ਦਫ਼ਤਰ ਹਾਜ਼ਰ ਰਹੇ।
ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਸਕੱਤਰ ਜਗਮਨਦੀਪ ਸਿੰਘ ਪੜ੍ਹੀ ਤੇ ਪੀਐਸਯੂ ਦੇ ਆਗੂ ਰੋਹਿਤ ਕੁਮਾਰ ਨੇ ਦੱਸਿਆ ਕਿ ਆਪਣੇ ਆਪ ਨੂੰ ਕਿਲ੍ਹੇ ਦੇ ਅਲਾਟੀ ਦੱਸਣ ਵਾਲਿਆਂ ਵੱਲੋਂ ਜੋ ਉਰਦੂ ਵਿੱਚ ਲਿਖੇ ਸਬੂਤ ਪੇਸ਼ ਕੀਤੇ ਹਨ, ਉਨ੍ਹਾਂ ਸਬੂਤਾਂ ਵਿੱਚ ਸਿਰਫ਼ ਖੇਤੀਬਾੜੀ ਵਾਲੀ ਜ਼ਮੀਨ ਦਾ ਹੀ ਜ਼ਿਕਰ ਹੈ। ਲਾਲ ਲਕੀਰ ਅੰਦਰ ਸਥਿਤ ਇਤਿਹਾਸਕ ਕਿਲ੍ਹੇ ਦੀ ਮਾਲਕੀ ਸਬੰਧੀ ਜਾਂ ਕਿਲ੍ਹੇ ਵਾਲੀ ਜਗ੍ਹਾ ’ਤੇ ਮੌਜੂਦਾ ਸਮੇਂ ਕਾਬਜ਼ ਹੋਣ ਸਬੰਧੀ ਉਹ ਕੋਈ ਵੀ ਪੁਖਤਾ ਸਬੂਤ ਨਹੀਂ ਦਿਖਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਵੱਲੋਂ ਕੁੱਝ ਦਿਨ ਪਹਿਲਾਂ ਕਿਲ੍ਹੇ ਅੰਦਰ ਤੂੜੀ ਸੁੱਟ ਕੇ ਇਤਿਹਾਸਿਕ ਜਗ੍ਹਾ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਕਥਿਤ ਤੌਰ ’ਤੇ ਦੂਜੀ ਧਿਰ ਦਾ ਪੱਖ ਪੂਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਨਿਹੰਗ ਖਾਨ ਦੀ ਹਵੇਲੀ ਨੂੰ ਭੂ-ਮਾਫੀਆ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 25 ਅਪਰੈਲ ਨੂੰ ਸਮੁੱਚੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ ਜਾਵੇਗਾ।
ਦਸਤਾਵੇਜ਼ ਪੰਜਾਬੀ ਵਿੱਚ ਕਰਵਾਏ ਜਾ ਰਹੇ ਨੇ ਅਨੁਵਾਦ: ਐਸਡੀਐਮ
ਇਸ ਸਬੰਧੀ ਐਸਡੀਐਮ ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਅਲਾਟੀ ਅਖਵਾਉਣ ਵਾਲੀ ਧਿਰ ਵੱਲੋਂ ਅਲਾਟਮੈਂਟ ਸਬੰਧੀ ਉਰਦੂ ਵਿੱਚ ਕੁੱਝ ਦਸਤਾਵੇਜ਼ ਪੇਸ਼ ਕੀਤੇ ਗਏ ਹਨ। ਇਨ੍ਹਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਜਾ ਰਿਹਾ ਹੈ। ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਖਪਾਤ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।