ਪਾਲ ਸਿੰਘ ਨੌਲੀ
ਜਲੰਧਰ, 15 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਅਤੇ ਰੋਜ਼ਾਨਾ ‘ਦੇਸ਼ ਸੇਵਕ’ ਅਖ਼ਬਾਰ ਦੇ ਸਾਬਕਾ ਸੰਪਾਦਕ ਡਾ. ਜੋਗਿੰਦਰ ਸਿੰਘ ਪੁਆਰ ਦਾ ਦੇਹਾਂਤ ਹੋ ਗਿਆ। 87 ਸਾਲਾ ਡਾ. ਪੁਆਰ ਪੂਰੀ ਸਰਗਰਮੀ ਨਾਲ ਪੰਜਾਬੀ ਭਾਸ਼ਾ ਤੇ ਸਿੱਖਿਆ ਬਾਰੇ ਕਰਵਾਏ ਜਾਂਦੇ ਸਮਾਗਮਾਂ ਵਿੱਚ ਹਿੱਸਾ ਲੈਂਦੇ ਰਹੇ ਸਨ। ਉਨ੍ਹਾਂ ਦਾ ਬਾਅਦ ਦੁਪਹਿਰ ਜੱਦੀ ਪਿੰਡ ਲੱਧੇਵਾਲੀ ਵਿੱਚ ਸਸਕਾਰ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੀ ਧੀ ਮਨਿੰਦਰ ਪੁਆਰ ਨੇ ਦਿਖਾਈ। ਉਨ੍ਹਾਂ ਦੀ ਮੌਤ ਨਾਲ ਵਿਦਿਅਕ ਖੇਤਰ ਤੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪੰਜਾਬ ਸਰਕਾਰ ਵੱਲੋਂ ਵਿਧਾਇਕ ਰਾਜਿੰਦਰ ਬੇਰੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਡਾ. ਪੁਆਰ ਨੇ 1972 ’ਚ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ’ਚ ਬਤੌਰ ਲੈਕਚਰਾਰ ਕੰਮ ਸ਼ੁਰੂ ਕੀਤਾ ਤੇ ਉਨ੍ਹਾਂ ਨੇ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਵਿਚ ਬਤੌਰ ਪ੍ਰੋਫੈਸਰ ਸੇਵਾ ਨਿਭਾਈ। ਡਾ. ਪੁਆਰ 1992 ਤੋਂ 1998 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ। ਉਹ ਅਕਾਦਮਿਕ ਸਮਾਜਿਕ ਲਹਿਰਾਂ ਅਤੇ ਅੰਦੋਲਨ ਦਾ ਅਹਿਮ ਹਿੱਸਾ ਵੀ ਰਹੇ ਜਿਨ੍ਹਾਂ ਨੇ ਭਾਸ਼ਾ ਅਕਾਦਮੀ ਦੀ ਸਥਾਪਨਾ ਵੀ ਕੀਤੀ ਅਤੇ ਅੰਤ ਤੱਕ ਇਸ ਦੇ ਪ੍ਰਧਾਨ ਵੀ ਰਹੇ। ਇਸ ਮੌਕੇ ਵੱਡੀ ਗਿਣਤੀ ਵਿਚ ਭਾਸ਼ਾ ਮਾਹਿਰ ਤੇ ਮੋਹਤਬਰ ਹਾਜ਼ਰ ਸਨ। ਉਨ੍ਹਾਂ ਦੀ ਯਾਦ ਵਿਚ ਅੰਤਿਮ ਅਰਦਾਸ 24 ਅਕਤੂਬਰ ਨੂੰ ਗੁਰੂ ਸਿੰਘ ਸਭਾ ਗੁਰਦੁਆਰਾ ਲੱਧੇਵਾਲੀ ਵਿਖੇ ਹੋਵੇਗੀ।