ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜਨਵਰੀ
ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਜ਼ਦੀਕੀ ਵਿਕਾਸ ਨਗਰ ਦੇ ਸਾਬਕਾ ਸਰਪੰਚ ਤਾਰਾ ਦੱਤ ਦੀ ਅੱਜ ਇਥੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ’ਚ ਬਾਰਨ ਵਾਸੀ ਗੈਂਗਸਟਰ ਐੱਸਕੇ ਖਰੌੜ ਦਾ ਨਾਮ ਬੋਲ ਰਿਹਾ ਹੈ, ਜਿਸ ਸਬੰਧੀ ਖਰੌੜ ਸਮੇਤ ਉਸ ਦੇ ਸਾਥੀਆਂ ਜਤਿੰਦਰ, ਮਨੀ ਵਾਲੀਆ, ਜਸਪ੍ਰੀਤ ਮੱਘੂ ਤੇ ਅੱਬੂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਪੁਲੀਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਤਾਰਾ ਇਥੇ ਵਿਕਾਸ ਨਗਰ ’ਚ ਨਵੀਂ ਦੁਕਾਨ ਬਣਾ ਰਿਹਾ ਸੀ। ਅੱਜ ਉਹ ਜਦੋਂ ਆਪਣੀ ਕਾਰ ’ਚ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਚਾਹ ਦੇਣ ਗਿਆ, ਤਾਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਹਮਲਾਵਰ ਉਸ ਦੇ ਨਜ਼ਦੀਕ ਆ ਪੁੱਜੇ ਅਤੇ ਤਾਰਾ ਦੱਤ ’ਤੇ 32 ਬੋਰ ਦੇ ਰਿਵਾਲਵਰ ਅਤੇ 12 ਬੋਰ ਦੀ ਬੰਦੂਕ ਨਾਲ਼ ਗੋਲ਼ੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਉਪਰੰਤ ਤਾਰਾ ਦੱਤ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਕੁਝ ਸਮੇਂ ਮਗਰੋਂ ਉਸ ਨੇ ਦਮ ਤੋੜ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੇ ਸਰੀਰ ’ਚ ਸੱਤ ਗੋਲੀਆਂ ਲੱਗੀਆਂ ਹਨ।
ਦੱਸਣਯੋਗ ਹੈ ਕਿ ਤਾਰਾ ਦੱਤ ਖ਼ਿਲਾਫ਼ ਵੀ ਲੜਾਈ ਝਗੜਿਆਂ ਦੇ ਕਈ ਕੇਸ ਦਰਜ ਹਨ। ਪਿਛਲੇ ਸਾਲ ਇਸੇ ਖੇਤਰ ’ਚ ਸ਼ਮਸ਼ੇਰ ਸਿੰਘ ਨਾਮੀ ਨੌਜਵਾਨ ਦੇ ਹੋਏ ਕਤਲ ਸਬੰਧੀ ਦਰਜ ਹੋਏ ਕੇਸ ਵਿਚ ਤਾਰਾ ਦੱਤ ਦਾ ਵੀ ਨਾਮ ਸ਼ਾਮਲ ਸੀ ਪਰ ਮਗਰੋਂ ਪੁਲੀਸ ਨੇ ਪੜਤਾਲ ਦੌਰਾਨ ਉਸ ਨੂੰ ਬੇਗੁਨਾਹ ਕਰਾਰ ਦੇ ਕੇ ਉਸ ਦਾ ਨਾਮ ਕੇਸ ਵਿਚੋਂ ਕੱਢ ਦਿੱਤਾ ਸੀ।
ਇਸ ਦੌਰਾਨ ਐੱਸਪੀ ਹਰਪਾਲ ਸਿੰਘ ਤੇ ਡੀਐੱਸਪੀ ਮੋਹਿਤ ਅਗਰਵਾਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਸੰਪਰਕ ਕਰਨ ’ਤੇ ਡੀਐੱਸਪੀ ਅਗਰਵਾਲ ਨੇ ਆਖਿਆ ਕਿ ਅਜੇ ਮੁਕੰਮਲ ਜਾਂਚ ਹੋਣੀ ਬਾਕੀ ਹੈ ਪਰ ਮੁਢਲੀ ਤਫ਼ਤੀਸ਼ ਮੁਤਾਬਿਕ ਇਹ ਕਤਲ ਰੰਜਸ਼ ਦਾ ਸਿੱਟਾ ਹੈ।