ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ (86) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਠੀਕ ਨਹੀਂ ਸਨ, ਜਿਨ੍ਹਾਂ ਦਾ ਸਸਕਾਰ ਭਲਕੇ 4 ਦਸੰਬਰ ਨੂੰ ਗੁਰਦੁਆਰਾ ਸ਼ਹੀਦਾਂ ਨੇੜਲੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਉਹ ਹੋਟਲ ਤੇ ਟਰਾਂਸਪੋਰਟ ਨਾਲ ਸਬੰਧਤ ਕਾਰੋਬਾਰੀ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਨੂੰ ਇਸ ਵਰ੍ਹੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਲੀਨ ਚਿੱਟ ਮਿਲੀ ਸੀ ਅਤੇ ਉਨ੍ਹਾਂ ’ਤੇ ਲਾਈ ਗਈ ਰੋਕ ਹਟਾ ਦਿੱਤੀ ਗਈ ਸੀ। ਦਸੰਬਰ 2017 ਵਿਚ ਉਹ ਇਕ ਇਤਰਾਜ਼ਯੋਗ ਵੀਡੀਓ ਦੇ ਕਾਰਨ ਵਿਵਾਦ ਵਿਚ ਫਸ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਚੀਫ ਖਾਲਸਾ ਦੀਵਾਨ ਤੋਂ ਮੁਅੱਤਲ ਕਰ ਦਿੱਤਾ ਸੀ।