ਜਸਵੰਤ ਜੱਸ
ਫਰੀਦਕੋਟ, 26 ਜੂਨ
ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ 24 ਘੰਟੇ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਇੱਥੇ ਡਿਊਟੀ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੁਰਦੀਪ ਪੰਧੇਰ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਤਤਕਾਲੀ ਐੱਸਐੱਚਓ ਤੋਂ ਪੁੱਛ-ਪੜਤਾਲ ਮੁਕੰਮਲ ਹੋ ਚੁੱਕੀ ਹੈ ਇਸ ਲਈ ਹੋਰ ਪੁਲੀਸ ਰਿਮਾਂਡ ਦੀ ਲੋੜ ਨਹੀਂ। ਦੂਜੇ ਪਾਸੇ ਗੁਰਦੀਪ ਸਿੰਘ ਪੰਧੇਰ ਨੇ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਲਿਖਤੀ ਤੌਰ ’ਤੇ ਦੱਸਿਆ ਕਿ ਜਾਂਚ ਟੀਮ ਉਸ ਨੂੰ ਡਰਾ-ਧਮਕਾ ਰਹੀ ਹੈ ਅਤੇ ਕੁਝ ਦਿਨ ਪਹਿਲਾਂ ਇੰਟੈਲੀਜੈਂਸ ਬਿਉਰੋ ਪੰਜਾਬ ਦੇ ਦਫ਼ਤਰ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਕੁਝ ਮੈਂਬਰਾਂ ਨੇ ਕਥਿਤ ਤੌਰ ’ਤੇ ਉਸ ਨਾਲ ਧੱਕਾ-ਮੁੱਕੀ ਵੀ ਕੀਤੀ। ਇਸ ਘਟਨਾ ਦੀ ਜਾਂਚ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸੁਰੱਖਿਅਤ ਸਾਂਭਣ ਲਈ ਗੁਰਦੀਪ ਪੰਧੇਰ ਨੇ ਡੀਜੀਪੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਹੈ। ਗੁਰਦੀਪ ਪੰਧੇਰ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਇਸੇ ਵਿਵਾਦ ਕਰਕੇ ਇਸ ਅਧਿਕਾਰੀ ਨੂੰ ਬਿਨਾਂ ਵਜ੍ਹਾ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਕੋਟਕਪੂਰਾ ਅਤੇ ਬਹਬਿਲ ਗੋਲੀ ਕਾਂਡ ਦੀ ਨਿਰਪੱਖ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੀਪ ਪੰਧੇਰ ਦੇ ਇਲਜ਼ਾਮ ਬੇਬੁਨਿਆਦ ਹਨ।
ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ 6 ਮੈਂਬਰੀ ਕਮੇਟੀ ਕਾਇਮ
ਫ਼ਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ): ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਮੋਰਚੇ ਸਬੰਧੀ ਸਰਕਾਰ ਵੱਲੋਂ ਕੀਤੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਾਏ ਹਨ। ਊਨ੍ਹਾਂ ਦੱਸਿਆ ਕਿ ਬਰਗਾੜੀ ਗੋਲੀ ਕਾਂਡ ਸਬੰਧੀ ਸਿੱਖ ਕੌਮ ਵੱਲੋਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ 6 ਮਹੀਨੇ ਮੋਰਚਾ ਚੱਲਿਆ, ਜਿਸ ਨੂੰ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੈਬਨਿਟ ਮੰਤਰੀਆਂ ਅਤੇ 3 ਵਿਧਾਇਕਾਂ ਨੂੰ ਬਰਗਾੜੀ ਮੋਰਚੇ ਵਿੱਚ ਭੇਜ ਕੇ ਸਿੱਖ ਕੌਮ ਨੂੰ ਹਰ ਪੱਖੋਂ ਇਨਸਾਫ਼ ਦੇਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਕਸੂਰਵਾਰਾਂ ਸਮੇਤ ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ, 25-25 ਸਾਲਾ ਤੋਂ ਉਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੀ ਤੁਰੰਤ ਰਿਹਾਈ ਕਰਨ ਅਤੇ ਪੰਜਾਬ ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਵਿਚੋਂ ਸਿੱਖ ਬੰਦੀਆਂ ਨੂੰ ਫ਼ੌਰੀ ਪੰਜਾਬ ਤਬਦੀਲ ਕਰਨ ਦੇ ਵਾਅਦੇ ਕੀਤੇ ਸਨ। ਇਸ ਨੂੰ ਅਮਲੀ ਰੂਪ ਦੇਣ ਲਈ ਉਸ ਸਮੇਂ 4 ਮੈਂਬਰੀ ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਸਵੀਰ ਸਿੰਘ ਖਡੂਰ, ਪਰਮਜੀਤ ਸਿੰਘ ਸਹੌਲੀ ਬਣਾਈ ਗਈ ਸੀ, ਜਿਨ੍ਹਾਂ ਨੇ ਸਰਕਾਰ ਨਾਲ ਇਸ ਵਿਸ਼ੇ ’ਤੇ ਤਾਲਮੇਲ ਰੱਖਿਆ ਪਰ ਅਜੇ ਤੱਕ ਸਰਕਾਰ ਨੇ ਬਰਗਾੜੀ ਮੋਰਚੇ ਵਿਚ ਕੀਤੇ ਗਏ ਸਿੱਖ ਕੌਮ ਨਾਲ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਬੀਤੇ ਸਮੇਂ ਬਣਾਈ ਗਈ ਕਮੇਟੀ ਵਿਚ ਦੋ ਹੋਰ ਮੈਂਬਰਾਂ ਦਾ ਵਾਧਾ ਕਰਦੇ ਹੋਏ 6 ਮੈਂਬਰੀ ਕਮੇਟੀ ਬਣਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਵਾਅਦੇ ਪੂਰੇ ਕੀਤੇ ਜਾਣ।