ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਪਰੈਲ
ਇੱਥੋਂ ਦੇ ਇਕ ਨਿੱਜੀ ਹਸਪਤਾਲ ਵਿੱਚ ਸੇਵਾਮੁਕਤ ਪਾਸਪੋਰਟ ਅਫ਼ਸਰ ਦੀ ਕਰੋਨਾਵਾਇਰਸ ਮਹਾਮਾਰੀ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਸਪਤਾਲ ਵਿਚ ਆਕਸੀਜਨ ਖ਼ਤਮ ਹੋਣ ਕਾਰਨ ਮਰੀਜ਼ ਨੇ ਦਮ ਤੋੜਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਉੱਧਰ, ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਮਰੀਜ਼ ਜਦੋਂ ਹਸਪਤਾਲ ਵਿਚ ਦਾਖ਼ਲ ਹੋਣ ਲਈ ਆਇਆ ਸੀ, ਉਦੋਂ ਹੀ ਉਸ ਦੀ ਹਾਲਤ ਕਾਫੀ ਖ਼ਰਾਬ ਸੀ।
ਸਿਕੰਦਰਪੁਰ ਦੇ ਰਹਿਣ ਵਾਲੇ ਪੀੜਤ ਪਰਿਵਾਰ ’ਚੋਂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਤਾਇਆ ਬਲਵੀਰ ਸਿੰਘ ਪਾਸਪੋਰਟ ਦਫ਼ਤਰ ’ਚੋਂ ਅਧਿਕਾਰੀ ਵਜੋਂ ਸੇਵਾਮੁਕਤ ਸੀ। ਤਿੰਨ-ਚਾਰ ਦਿਨ ਪਹਿਲਾਂ ਉਸ ਨੂੰ ਖੰਘ ਦੀ ਸ਼ਿਕਾਇਤ ਹੋਈ ਸੀ ਤੇ ਉਹ ਇੱਥੇ ਲਿੰਕ ਰੋਡ ’ਤੇ ਸਥਿਤ ਪ੍ਰਾਈਵੇਟ ਹਸਪਤਾਲ ਵਿੱਚ ਦਵਾਈ ਲੈਣ ਲਈ ਆਇਆ ਸੀ। ਡਾਕਟਰਾਂ ਨੇ ਉਸ ਨੂੰ ਦਾਖ਼ਲ ਹੋਣ ਲਈ ਜ਼ੋਰ ਪਾਇਆ। ਦਾਖ਼ਲ ਕਰਨ ਤੋਂ ਬਾਅਦ ਬਲਵੀਰ ਸਿੰਘ ਦੇ ਕਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸਵੇਰੇ ਉਹ ਡਾਕਟਰ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮਰੀਜ਼ ਦੇ ਸ਼ਰੀਰ ਵਿਚ 98 ਫੀਸਦੀ ਆਕਸੀਜਨ ਹੈ ਪਰ ਲੰਘੀ ਰਾਤ ਅਚਾਨਕ ਹੀ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਭੇਜ ਦਿੱਤਾ ਤੇ ਹਸਪਤਾਲ ਦਾ ਸਟਾਫ਼ ਮਰੀਜ਼ ਦੀ ਛਾਤੀ ਨੂੰ ਪੰਪ ਕਰ ਰਿਹਾ ਸੀ। ਅੰਦਰੋਂ ਆਵਾਜ਼ਾਂ ਆ ਰਹੀਆਂ ਸਨ ਕਿ ਆਕਸੀਜਨ ਦੀ ਸਪਲਾਈ ਖ਼ਤਮ ਹੋ ਗਈ ਹੈ ਤੇ ਮਰੀਜ਼ ਤੜਪ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਸਪਤਾਲ ਨੇ ਆਕਸੀਜਨ ਮੰਗਵਾਈ ਉਦੋਂ ਤੱਕ ਬਲਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਉੱਧਰ, ਹਸਪਤਾਲ ਦੇ ਡਾ. ਐੱਸ.ਪੀ. ਗਰੋਵਰ ਨੇ ਪੀੜਤ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਕਸੀਜਨ ਖ਼ਤਮ ਨਹੀਂ ਹੋਈ ਸੀ, ਜੇਕਰ ਅਜਿਹਾ ਹੁੰਦਾ ਹੈ ਤਾਂ ਦੂਜੇ ਮਰੀਜ਼ ਵੀ ਪ੍ਰਭਾਵਿਤ ਹੁੰਦੇ। ਡਾਕਟਰ ਨੇ ਦੱਸਿਆ ਕਿ ਜਦੋਂ ਮਰੀਜ਼ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਉਦੋਂ ਹੀ ਉਸ ਦੇ ਫੇਫੜੇ ਕਾਫੀ ਖਰਾਬ ਹੋ ਚੁੱਕੇ ਸਨ ਤੇ ਸ਼ਰੀਰ ਵਿਚ ਆਕਸੀਜਨ ਦੀ ਘਾਟ ਸੀ।
ਸਾਬਕਾ ਵਿਧਾਇਕ ਜੁਗਰਾਜ ਗਿੱਲ ਦਾ ਕਰੋਨਾ ਕਾਰਨ ਦੇਹਾਂਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਵਿਧਾਇਕ ਜੁਗਰਾਜ ਸਿੰਘ ਗਿੱਲ ਦਾ ਕਰੋਨਾ ਨਾਲ ਦੇਹਾਂਤ ਹੋ ਗਿਆ ਹੈ। ਉਹ ਤਕਰੀਬਨ 95 ਵਰ੍ਹਿਆਂ ਦੇ ਸਨ ਤੇ ਪਿਛਲੇ ਕਈ ਦਿਨਾਂ ਤੋਂ ਕਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਚੰਡੀਗੜ੍ਹ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਹ ਮੋਗਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇਕੇ ਦੇ ਜੰਮਪਲ ਸਨ। ਉਹ ਚੰਡੀਗੜ੍ਹ ਅਤੇ ਮੋਗਾ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਸਨ। ਸ੍ਰੀ ਗਿੱਲ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਦੇਹਾਂਤ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ, ਕਾਮਰੇਡ ਅਵਤਾਰ ਸਿੰਘ ਪਾਲ, ਸਾਬਕਾ ਆਈਏਐੱਸ ਅਧਿਕਾਰੀ ਐੱਸਐੱਸ ਬੋਪਾਰਾਏ ਤੇ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।