ਪਾਲ ਸਿੰਘ ਨੌਲੀ
ਜਲੰਧਰ, 28 ਜੂਨ
ਸਾਬਕਾ ਓਲੰਪੀਅਨ ਤੇ ਹਾਕੀ ਖਿਡਾਰੀ ਵਰਿੰਦਰ ਸਿੰਘ (75) ਦਾ ਅੱਜ ਸਵੇਰੇ ਜਲੰਧਰ ਵਿਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਸਸਕਾਰ ਬਾਅਦ ਦੁਪਹਿਰ ਜੱਦੀ ਪਿੰਡ ਧਨੋਵਾਲੀ ਵਿਚਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਸਾਬਕਾ ਹਾਕੀ ਖਿਡਾਰੀਆਂ ਨੇ ਵਰਿੰਦਰ ਸਿੰਘ ਨੂੰ ਆਖਰੀ ਵਿਦਾਈ ਦਿੱਤੀ। ਇਸ ਤੋਂ ਪਹਿਲਾਂ ਜੂਨੀਅਰ ਹਾਕੀ ਖਿਡਾਰੀਆਂ ਨੇ ਵਰਿੰਦਰ ਸਿੰਘ ਨੂੰ ਹਾਕੀਆਂ ਉਚੀਆਂ ਕਰਕੇ ਸਲਾਮੀ ਦਿੱਤੀ। ਵਰਿੰਦਰ ਸਿੰਘ ਦੇ ਪੁੱਤਰ ਗੁਰਜੀਤ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।
ਧਿਆਨ ਚੰਦ ਐਵਾਰਡੀ ਵਰਿੰਦਰ ਸਿੰਘ ਦਾ ਜਨਮ 16 ਮਈ 1947 ਨੂੰ ਹੋਇਆ ਸੀ। ਉਨ੍ਹਾਂ 1970 ਦੇ ਦਹਾਕੇ ਵਿੱਚ ਭਾਰਤ ਨੂੰ ਕਈ ਯਾਦਗਾਰੀ ਜਿੱਤਾਂ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਦੱਸਣਾ ਬਣਦਾ ਹੈ ਕਿ ਭਾਰਤ ਦੀ ਹਾਕੀ ਟੀਮ ਨੇ ਸਾਲ 1972 ਦੀ ਮਿਊਨਿਖ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸ ਮੈਚ ਵਿਚ ਵਰਿੰਦਰ ਸਿੰਘ ਫਾਰਵਰਡ ਵਜੋਂ ਖੇਡੇ ਸਨ ਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਤਮਗਾ ਜਿੱਤ ਸਕੀ ਸੀ। ਵਰਿੰਦਰ ਸਿੰਘ ਨੇ 1975 ਦੌਰਾਨ ਕੁਆਲਾਲੰਪੁਰ ਦੇ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਹਿੱਸਾ ਲਿਆ ਜਿਸ ਵਿਚ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ। ਇਸ ਵੱਕਾਰੀ ਫਾਈਨਲ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਵਰਿੰਦਰ ਸਿੰਘ 1974 ਅਤੇ 1978 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ ਜਿਸ ਦੀ ਖੇਡ ਸਦਕਾ ਭਾਰਤ ਨੇ ਚਾਂਦੀ ਦੇ ਤਗਮੇ ਜਿੱਤੇ। ਵਰਿੰਦਰ ਸਿੰਘ ਨੂੰ 1975 ਮਾਂਟਰੀਅਲ ਓਲੰਪਿਕ ਵਿੱਚ ਵੀ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 2007 ਵਿੱਚ ਵੱਕਾਰੀ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ। ਉਨ੍ਹਾਂ
ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਵਰਿੰਦਰ ਸਿੰਘ ਨੇ 1985 ਤੋਂ 1993 ਤੱਕ ਪੰਜਾਬ ਐਂਡ ਸਿੰਧ ਬੈਂਕ ਵਿੱਚ ਹਾਕੀ ਕੋਚ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ 2008 ਤੱਕ ਪੰਜਾਬ ਰਾਜ ਦੇ ਖੇਡ ਵਿਭਾਗ ਵਿੱਚ ਕੋਚ ਵਜੋਂ ਸੇਵਾ ਨਿਭਾਈਆਂ। ਉਨ੍ਹਾਂ ਦੇਹਾਂਤ ਤੋਂ ਕੁਝ ਸਮਾਂ ਪਹਿਲਾਂ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਚ ਵੀ ਮਹਿਲਾ ਹਾਕੀ ਖਿਡਾਰਨਾਂ ਨੂੰ ਹਾਕੀ ਦੇ ਗੁਰ ਸਿਖਾਏ। ਹਾਕੀ ਇੰਡੀਆ ਨੇ ਵਰਿੰਦਰ ਸਿੰਘ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਹੈ। ਹਾਕੀ ਇੰਡੀਆ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਰਿੰਦਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਦੁਨੀਆ ਭਰ ਦਾ ਹਾਕੀ ਭਾਈਚਾਰਾ ਯਾਦ ਰੱਖੇਗਾ।