ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 29 ਅਕਤੂਬਰ
ਦਿਹਾਤੀ ਹਲਕਾ ਫ਼ਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਸੰਧੂ (ਬੱਬਲ) ਦੀ ਅੱਜ ਮੌਤ ਹੋ ਗਈ। ਨਜ਼ਦੀਕੀ ਪਿੰਡ ਰੱਤਾ ਖੇੜਾ ਵਾਸੀ 67 ਵਰ੍ਹਿਆਂ ਦੇ ਵਿਧਾਇਕ ਸੰਧੂ ਪਿਛਲੇ ਪੰਜ ਦਿਨਾਂ ਤੋਂ ਡੇਂਗੂ ਤੋਂ ਪੀੜਤ ਸਨ। ਪਹਿਲਾਂ ਉਹ ਇੱਥੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸਨ। ਕੱਲ੍ਹ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋਣ ਕਰ ਕੇ ਉਨ੍ਹਾਂ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਅੱਜ ਉਨ੍ਹਾਂ ਨੇ ਦਮ ਤੋੜ ਦਿੱਤਾ। ਆਜ਼ਾਦ ਅਤੇ ਕਾਂਗਰਸ ਦੀਆਂ ਟਿਕਟਾਂ ਤੋਂ ਚੋਣ ਜਿੱਤਣ ਵਾਲੇ ਸੰਧੂ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਨ। ਕੁਝ ਦਿਨ ਪਹਿਲਾਂ ਤੱਕ ਉਨ੍ਹਾਂ ਦੀ ‘ਆਪ’ ਵਿਚ ਸ਼ਾਮਲ ਹੋਣ ਦੀ ਵੀ ਚਰਚਾ ਸੀ। ਰਵਿੰਦਰ ਸੰਧੂ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।