ਐੱਨਪੀ. ਧਵਨ
ਪਠਾਨਕੋਟ, 20 ਜੂਨ
ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੂੰ ਹਾਲਤ ਵਿਗੜਨ ਕਾਰਨ ਅੰਮ੍ਰਿਤਸਰ ਤੋਂ ਪੀਜੀਆਈ ਚੰਡੀਗੜ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 18 ਤਰੀਕ ਨੂੰ ਜੋਗਿੰਦਰਪਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਅਦਾਲਤ ਨੇ ਉਸ ਦਾ 2 ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਸੀ ਪਰ 18 ਤਰੀਕ ਨੂੰ ਮੈਡੀਕਲ ਕਰਨ ਵੇਲੇ ਡਾਕਟਰਾਂ ਨੇ ਜੋਗਿੰਦਰ ਪਾਲ ਦੇ ਦਿਲ ਦੀ ਜਾਂਚ ਦੀ ਦੀ ਸਿਫਾਰਸ਼ ਕੀਤੀ ਸੀ। ਇਸ ਮਗਰੋਂ ਜੋਗਿੰਦਰਪਾਲ ਨੂੰ 18 ਤਰੀਕ ਨੂੰ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ। ਬੀਤੀ ਸ਼ਾਮ ਹਾਲਤ ਵਿਗੜਨ ਕਾਰਨ ਉਸ ਨੂੰ ਅੰਮ੍ਰਿਤਸਰ ਤੋਂ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਤਰ੍ਹਾਂ 2 ਦਿਨ ਦਾ ਰਿਮਾਂਡ ਖਤਮ ਹੋਣ ਬਾਅਦ ਅੱਜ ਉਸ ਦੀ ਪੇਸ਼ੀ ਅਦਾਲਤ ਵਿੱਚ ਹੋਣੀ ਸੀ ਜੋ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਉਸ ਨੂੰ 4 ਜੁਲਾਈ ਤੱਕ ਜੁਡੀਸ਼ਲ ਹਿਰਾਸਤ ਵਿੱਚ ਭੇਜਣ ਦੇ ਹੁਕਮ ਦੇ ਦਿੱਤੇ। ਦੂਸਰੇ ਪਾਸੇ ਜੋਗਿੰਦਰਪਾਲ ਦੇ ਐਡਵੋਕੇਟ ਨੇ ਅਦਾਲਤ ਵਿੱਚ ਉਸ ਦੀ ਅੰਤਰਿਮ ਜ਼ਮਾਨਤ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ। ਐਡਵੋਕੇਟ ਨੇ ਅਦਾਲਤ ਨੂੰ ਦੱਸਿਆ ਕਿ ਜੋਗਿੰਦਰਪਾਲ ਉਪਰ ਜੋ ਕੇਸ ਦਰਜ ਕੀਤਾ ਗਿਆ ਹੈ, ਉਹ ਸਿਆਸੀ ਬਦਲਾਖੋਰੀ ਦੇ ਤਹਿਤ ਦਰਜ ਕੀਤਾ ਗਿਆ ਹੈ। ਇਸ ’ਤੇ ਵਿਚਾਰ ਕਰਨ ਲਈ ਅਦਾਲਤ ਨੇ ਭਲਕੇ 21 ਤਰੀਕ ਨਿਸ਼ਚਿਤ ਕਰ ਦਿੱਤੀ ਹੈ।