ਐੱਨ.ਪੀ.ਧਵਨ
ਪਠਾਨਕੋਟ, 28 ਅਕਤੂਬਰ
ਆਮਦਨ ਕਰ ਵਿਭਾਗ ਵੱਲੋਂ ਅੱਜ ਸਵੇਰੇ ਪਠਾਨਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਤੇ ਉਨ੍ਹਾਂ ਨਾਲ ਜੁੜੇ ਕਾਰੋਬਾਰੀਆਂ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਛਾਪਿਆਂ ਦੌਰਾਨ ਆਮਦਨ ਕਰ ਦੀ ਟੀਮ ਨੇ ਮਾਈਨਿੰਗ ਕਾਰੋਬਾਰ ਨਾਲ ਜੁੜੇ ਸਾਬਕਾ ਕਾਂਗਰਸੀ ਵਿਧਾਇਕ ਦੀ ਸੁਜਾਨਪੁਰ ਸਥਿਤ ਕੋਠੀ, ਕੀੜੀਆਂ ਸਥਿਤ ਫਾਰਮ ਹਾਊਸ, ਕੋਹਲੀਆਂ ਸਥਿਤ ਕ੍ਰਿਸ਼ਨਾ ਸਟੋਨ ਕਰੱਸ਼ਰ ਤੇ ਸੁੰਦਰਚੱਕ ਸਥਿਤ ਦਫਤਰ ਨੂੰ ਨਿਸ਼ਾਨਾ ਬਣਾਇਆ। ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਨਰੇਸ਼ ਪੁਰੀ ਦੇ ਚਚੇਰੇ ਭਰਾ ਦੇ ਸੁਜਾਨਪੁਰ ਸਥਿਤ ਪੁਰੀ ਹਸਪਤਾਲ ਉਪਰ ਵੀ ਛਾਪੇਮਾਰੀ ਕੀਤੀ ਗਈ। ਛਾਪਿਆਂ ਦੌਰਾਨ ਕਿਸੇ ਨੂੰ ਵੀ ਸਬੰਧਤ ਘਰ ਜਾਂ ਦਫ਼ਤਰ ’ਚੋਂ ਅੰਦਰ-ਬਾਹਰ ਨਹੀਂ ਹੋਣ ਦਿੱਤਾ ਗਿਆ। ਛਾਪਾਮਾਰ ਟੀਮ ਦੇ ਕਾਫਲੇ ਨਾਲ ਸੀਆਰਪੀਐੱਫ ਦੇ ਸੁਰੱਖਿਆ ਜਵਾਨ ਵੀ ਤਾਇਨਾਤ ਸਨ। ਇਸ ਪੂਰੀ ਕਾਰਵਾਈ ਨੂੰ ਗੁਪਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਤੇ ਆਮਦਨ ਕਰ ਦੀ ਟੀਮ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀ ਸ਼ਾਮਲ ਸਨ। ਖ਼ਬਰ ਲਿਖੇ ਜਾਣ ਤੱਕ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਸਾਬਕਾ ਵਿਧਾਇਕ ਤੇ ਉਨ੍ਹਾਂ ਦੇ ਨੇੜਲਿਆਂ ਦੇ ਟਿਕਾਣਿਆਂ ’ਤੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਜਾਰੀ ਸੀ। ਟੀਮਾਂ ਨੇ ਰਾਤ ਨੂੰ ਉਥੇ ਹੀ ਸੌਣ ਲਈ ਟੈਂਟ ਹਾਊਸਾਂ ਤੋਂ ਗੱਦੇ ਵਗੈਰਾ ਮੰਗਵਾ ਲਏ ਹਨ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅੱਜ ਸਵੇਰੇ 5:30 ਵਜੇ ਦੇ ਕਰੀਬ ਜ਼ਿਲ੍ਹੇ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਦਸਤਕ ਦਿੱਤੀ। ਟੀਮਾਂ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਦੇ ਘਰ, ਫਾਰਮ ਹਾਊਸ, ਕਰੱਸ਼ਰ ਤੇ ਉਸ ਦੇ ਦਫਤਰ, ਪਠਾਨਕੋਟ ਸਥਿਤ ਆਧੁਨਿਕ ਵਿਹਾਰ ਵਿੱਚ ਕਰੱਸ਼ਰ ਕਾਰੋਬਾਰੀ ਹਰਚਰਨ ਸਿੰਘ ਮੈਨੀ, ਸਿਉਂਟੀ ਵਿੱਚ ਗੌਤਮ ਮੈਨੀ, ਪਠਾਨਕੋਟ ਦੇ ਵਿਕਟੋਰੀਆ ਸਟੇਟ ਵਿੱਚ ਉਦਯੋਗਪਤੀ ਸੁਧੀਰ ਬਾਂਸਲ ਦੇ ਘਰ, ਪਠਾਨਕੋਟ ਦੀ ਸ਼ਾਹ ਕਲੋਨੀ ਵਿੱਚ ਕਰੱਸ਼ਰ ਕਾਰੋਬਾਰੀ ਪੁਸ਼ਪਿੰਦਰ ਮੈਨੀ ਦੀ ਕੋਠੀ, ਨਰੋਟ ਜੈਮਲ ਸਿੰਘ ਵਿੱਚ ਸਤੀਸ਼ ਕੁਮਾਰ ਦੇ ਘਰ ਅਤੇ ਪੰਮਾ ਪਿੰਡ ਵਿੱਚ ਜੱਟ ਦੇ ਪੈਟਰੋਲ ਪੰਪ ਅਤੇ ਪੁਰੀ ਹਸਪਤਾਲ ਸੁਜਾਨਪੁਰ ਵਿੱਚ ਛਾਪੇਮਾਰੀ ਕੀਤੀ। ਖ਼ਬਰ ਲਿਖੇ ਜਾਣ ਤੱਕ ਟੀਮਾਂ ਇਨ੍ਹਾਂ ਥਾਵਾਂ ’ਤੇ ਜਾਂਚ ਪੜਤਾਲ ਵਿੱਚ ਜੁਟੀਆਂ ਸਨ। ਇਨ੍ਹਾਂ ਛਾਪਿਆਂ ਨੂੰ ਲੈ ਕੇ ਅੱਜ ਸਾਰਾ ਦਿਨ ਪਠਾਨਕੋਟ ਵਿੱਚ ਚੁੰਝ ਚਰਚਾ ਚਲਦੀ ਰਹੀ। ਖਾਸ ਤੌਰ ’ਤੇ ਕਾਂਗਰਸ ਪਾਰਟੀ ਦੇ ਆਗੂ ਸਹਿਮੇ ਹੋਏ ਨਜ਼ਰ ਆਏ। ਸੂਤਰਾਂ ਮੁਤਾਬਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕੋਹਲੀਆਂ ਸਥਿਤ ਕ੍ਰਿਸ਼ਨਾ ਸਟੋਨ ਕਰੱਸ਼ਰ ਕੁਝ ਮਹੀਨੇ ਪਹਿਲਾਂ ਪੁਸ਼ਪਿੰਦਰ ਮੈਨੀ ਨੂੰ ਵੇਚ ਦਿੱਤਾ ਸੀ। ਉਸ ਸੌਦੇ ਨੂੰ ਸਿਰੇ ਚਾੜ੍ਹਨ ਵਿੱਚ ਪੰਮਾ ਪਿੰਡ ਦੇ ਵਿਅਕਤੀ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਇਸ ਕਰਕੇ ਅੱਜ ਛਾਪੇਮਾਰੀ ਵਿੱਚ ਜੋਗਿੰਦਰ ਪਾਲ, ਮੈਨੀ ਪਰਿਵਾਰ (ਉਸ ਦਾ ਪਿਤਾ, ਬੇਟਾ, ਭਤੀਜਾ) ਅਤੇ ਦਲਾਲ ਵਜੋਂ ਭੂਮਿਕਾ ਨਿਭਾਉਣ ਵਾਲਿਆਂ ਦੇ ਟਿਕਾਣੇ ਛਾਪੇਮਾਰੀ ਦਾ ਮੁੱਖ ਨਿਸ਼ਾਨਾ ਰਹੇ ਹਨ। ਜੋਗਿੰਦਰ ਪਾਲ ਭੋਆ ਸਾਲ 2017 ਤੋਂ 2022 ਤੱਕ ਭੋਆ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਹੇ ਹਨ। ਉਨ੍ਹਾਂ ਨੂੰ ਇਲਾਕੇ ਵਿੱਚ ਮਾਈਨਿੰਗ ਮਾਫੀਆ ਦੇ ਕਥਿਤ ਸਰਗਨੇ ਵਜੋਂ ਜਾਣਿਆ ਜਾਂਦਾ ਹੈ। ਸਾਬਕਾ ਵਿਧਾਇਕ ਦੇ ਸਟੋਨ ਕਰੱਸ਼ਰ ਉਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਮੇਂ ਵੀ ਛਾਪੇਮਾਰੀ ਹੋਈ ਸੀ ਅਤੇ ਪੁਲੀਸ ਨੇ ਉਦੋਂ ਕੁਝ ਰਿਕਾਰਡ ਵੀ ਜ਼ਬਤ ਕੀਤਾ ਸੀ। ਹਾਲਾਂਕਿ ਉਦੋਂ ਵਿਧਾਇਕ ਜੋਗਿੰਦਰ ਪਾਲ ਦੇ ਰੁਤਬੇ ਕਰਕੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਾ ਹੋ ਸਕੀ ਤੇ ਉਕਤ ਫਾਈਲ ਦੱਬੀ ਰਹਿ ਗਈ। ਮਗਰੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਾਬਕਾ ਵਿਧਾਇਕ ਦੇ ਕੋਹਲੀਆਂ ਸਥਿਤ ਸਟੋਨ ਕਰੱਸ਼ਰ ਉਪਰ 17 ਜੂਨ ਨੂੰ ਛਾਪੇਮਾਰੀ ਕੀਤੀ ਗਈ ਅਤੇ ਨਜਾਇਜ਼ ਮਾਈਨਿੰਗ ਦਾ ਕੇਸ ਵੀ ਦਰਜ ਹੋਇਆ। ਇਸ ਕੇਸ ਵਿੱਚ ਸਾਬਕਾ ਵਿਧਾਇਕ ਅੱਜ-ਕੱਲ੍ਹ ਜ਼ਮਾਨਤ ਉੱਤੇ ਹੈ। ਜੋਗਿੰਦਰ ਪਾਲ ਭੋਆ ਨੂੰ ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।
‘ਛਾਪੇਮਾਰੀ ਕੇਂਦਰ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ’
ਸੁਜਾਨਪੁਰ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਦੇ ਘਰ ਮੂਹਰੇ ਪੁੱਜੇ ਕਾਂਗਰਸੀ ਆਗੂ ਗੁਰਦੀਪ ਸਿੰਘ ਨਾਜੋਵਾਲ ਨੇ ਕਿਹਾ ਕਿ ਇਹ ਛਾਪੇਮਾਰੀ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ, ਜੋ ਲੋਕ ਭਾਜਪਾ ਵਿਚ ਨਹੀਂ ਜਾ ਰਹੇ ਉਨ੍ਹਾਂ ਉਪਰ ਕੇਂਦਰੀ ਏਜੰਸੀਆਂ ਰਾਹੀਂ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਛਾਪੇ ਕਾਂਗਰਸੀ ਆਗੂਆਂ ਉਪਰ ਹੀ ਕਿਉਂ ਮਾਰੇ ਜਾ ਰਹੇ ਹਨ?
ਸਾਬਕਾ ਵਿਧਾਇਕ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ
ਆਮਦਨ ਕਰ ਦੇ ਛਾਪਿਆਂ ਮਗਰੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅੱਜ ਸ਼ਾਮੀਂ ਤਬੀਅਤ ਵਿਗੜ ਗਈ। ਡਾਕਟਰਾਂ ਦੀ ਟੀਮ ਨੇ ਸ਼ਾਮੀਂ ਸੱਤ ਵਜੇ ਦੇ ਕਰੀਬ ਉਨ੍ਹਾਂ ਦਾ ਮੁਆਇਨਾ ਕੀਤਾ ਤੇ ਹਸਪਤਾਲ ਲਿਜਾਣ ਦਾ ਮਸ਼ਵਰਾ ਦਿੱਤਾ। ਸਾਬਕਾ ਵਿਧਾਇਕ ਨੂੰ ਐਂਬੂਲੈਂਸ ਰਾਹੀਂ ਨਜ਼ਦੀਕ ਪੈਂਦੇ ਕੋਟਲੀ ਸਥਿਤ ਚੌਹਾਨ ਮੈਡੀਸਿਟੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।