ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 30 ਜਨਵਰੀ
ਹਲਕਾ ਕਿਲਾ ਰਾਏਪੁਰ ਤੋਂ ਇੱਕ ਵਾਰ ਕਾਂਗਰਸੀ ਵਿਧਾਇਕ ਰਹੇ ਜਸਬੀਰ ਸਿੰਘ ਖੰਗੂੜਾ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇਸ ਅਸਤੀਫੇ ਪਿੱਛੇ ਮੁੱਖ ਕਾਰਨ ਵਿਧਾਨ ਸਭਾ ਚੋਣਾਂ ਲਈ ਪਾਰਟੀ ਟਿਕਟ ਨਾ ਮਿਲਣ ਦੀਆਂ ਮਿਲ ਰਹੀਆਂ ਕਨਸੋਆਂ ਨੂੰ ਨਕਾਰਦਿਆਂ ਜਸਬੀਰ ਖੰਗੂੜਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਹਲਕੇ ਤੋਂ ਟਿਕਟ ਲੈਣ ਲਈ ਫਾਰਮ ਨਹੀਂ ਭਰੇ ਸਨ।
ਉਨ੍ਹਾਂ ਕਿਹਾ ਕਿ ਸੂਬਾ ਪੱਧਰ ਦੀ ਲੀਡਰਸ਼ਿਪ ’ਚ ਮਚੀ ਹੋਈ ਆਪੋਧਾਪੀ ਕਾਰਨ ਉਨ੍ਹਾਂ ਪਾਰਟੀ ਤੋਂ ਲਾਂਭੇ ਹੋਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਉਹ ਵੰਡੀ ਹੋਈ ਲੀਡਰਸ਼ਿਪ ਅਧੀਨ ਸੁਖਾਲੇ ਢੰਗ ਨਾਲ ਕੰਮ ਨਹੀਂ ਕਰ ਸਕਦੇ। ਇਲਾਕੇ ਵਿੱਚ ਉਨ੍ਹਾਂ ਦੇ ਭਾਜਪਾ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿੱਚ ਜਾਣ ਬਾਰੇ ਚੱਲ ਰਹੀਆਂ ਅਫ਼ਵਾਹਾਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਖੰਗੂੜਾ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਹਾਲ ਦੀ ਘੜੀ ਉਨ੍ਹਾਂ ਦੇ ਪਰਿਵਾਰ ਨੇ ਇਸ ਬਾਰੇ ਕੋਈ ਫੈ਼ਸਲਾ ਨਹੀਂ ਕੀਤਾ ਅਤੇ ਉਹ ਨਾ ਤਾਂ ਕਿਸੇ ਉਮੀਦਵਾਰ ਦਾ ਵਿਰੋਧ ਕਰਨਗੇ ਅਤੇ ਨਾ ਹੀ ਹਮਾਇਤ। ਇਸ ਤੋਂ ਪਹਿਲਾਂ ਸ੍ਰੀ ਖੰਗੂੜਾ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਰੇ ਦੱਸਿਆ ਸੀ ਤੇ ਇਹ ਵੀ ਕਿਹਾ ਸੀ ਕਿ ਸੱਠ ਸਾਲ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਉਨ੍ਹਾਂ ਦੇ ਪਿਤਾ ਜਗਪਾਲ ਸਿੰਘ ਖੰਗੂੜਾ ਵੀ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ।