ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੁਲਾਈ
ਇਥੇ ਰੋਜ਼ ਐਵੀਨਿਊ ਕਲੋਨੀ ’ਚ ਰਹਿੰਦੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਤੋਂ ਕੁਝ ਵਿਅਕਤੀਆਂ ਨੇ ਫੋਨ ਕਰ ਕੇ ਫਿਰੌਤੀ ਦੀ ਮੰਗ ਕੀਤੀ ਹੈ। ਇਸ ਸਬੰਧੀ ਫੋਨ ਕਰਨ ਦੇ ਨਾਲ-ਨਾਲ ਵਟਸਐਪ ਮੈਸੇਜ ਵੀ ਭੇਜੇ ਜਾ ਰਹੇ ਹਨ। ਮੁਲਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਉਹ (ਹਰਦਿਆਲ ਕੰਬੋਜ) ਉਨ੍ਹਾਂ ਨੂੰ ਦੋ ਲੱਖ ਰੁਪਏ ਦੇ ਦੇਣ, ਤਾਂ ਉਹ ਉਨ੍ਹਾਂ ਦੀ ਜਾਨ ਬਖ਼ਸ਼ ਦੇਣਗੇ। ਹਰਦਿਆਲ ਕੰਬੋਜ ਵੱਲੋਂ ਡੀਜੀਪੀ ਅਤੇ ਏਡੀਜੀਪੀ (ਸਕਿਓਰਿਟੀ) ਨੂੰ ਪੱਤਰ ਲਿਖ ਕੇ ਮੁਲਜ਼ਮਾਂ ਦੀ ਆਡੀਓ ਰਿਕਾਰਡਿੰਗ ਸਮੇਤ ਵਟਸਐਪ ਮੈਸੇਜ ਦੀਆਂ ਕਾਪੀਆਂ ਵੀ ਪੱਤਰ ਨਾਲ ਨੱਥੀ ਕੀਤੀਆਂ ਹਨ। ਉਨ੍ਹਾਂ ਸੁਰੱਖਿਆ ਛੱਤਰੀ ਵਧਾਉਣ ਦੀ ਮੰਗ ਵੀ ਕੀਤੀ ਹੈ। ਸਾਰੇ ਤੱਥਾਂ ਦੀ ਪੁਸ਼ਟੀ ਕਰਦਿਆਂ, ਹਰਦਿਆਲ ਕੰਬੋਜ ਨੇ ਕਿਹਾ ਕਿ ਪੁਲੀਸ ਨੂੰ ਚਾਹੀਦਾ ਹੈ ਕਿ ਮੁਲ਼ਜਮਾਂ ਦਾ ਪਤਾ ਲਗਾਉਣ ਸਮੇਤ ਉਸ ਦੀ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।