ਤਰਨ ਤਾਰਨ: ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਤਰਨ ਤਾਰਨ ਦੇ ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ (76) ਦਾ ਅੱਜ ਦੇਹਾਂਤ ਹੋ ਗਿਆ| ਉਹ ਅੰਮ੍ਰਿਤਸਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਛਾਤੀ ਵਿੱਚ ਦਰਦ ਹੋਣ ਕਾਰਨ ਮੌਤ ਹੋ ਗਈ। ਸਾਬਕਾ ਵਿਧਾਇਕ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਇਕ ਲੜਕਾ ਤੇ ਇਕ ਧੀ ਹੈ| ਜਾਣਕਾਰੀ ਅਨੁਸਾਰ ਉਹ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਡਾ. ਅਗਨੀਹੋਤਰੀ ਦੇ ਇਕ ਰਿਸ਼ਤੇਦਾਰ ਸਾਰਥਿਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਿਆਸੀ ਸਫ਼ਰ ਆਪਣੇ ਜੱਦੀ ਪਿੰਡ ਸ਼ੇਰੋਂ ਦੇ ਸਰਪੰਚ ਤੋਂ ਸ਼ੁਰੂ ਕੀਤਾ| ਉਨ੍ਹਾਂ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ 2017 ਦੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਹਰਾ ਕੇ ਚੋਣ ਜਿੱਤੀ ਸੀ| ਇਸ ਤੋਂ ਪਹਿਲਾਂ ਉਹ 2007 ਦੀ ਚੋਣ ਹਲਕਾ ਨੌਸ਼ਹਿਰਾ ਪੰਨੂਆਂ ਅਤੇ 2012 ਦੀ ਚੋਣ ਤਰਨ ਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਕ੍ਰਮਵਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹਰਮੀਤ ਸਿੰਘ ਸੰਧੂ ਤੋਂ ਹਾਰ ਗਏ ਸਨ| ਖਬਰ ਲਿਖੇ ਜਾਣ ਤੱਕ ਸਾਬਕਾ ਵਿਧਾਇਕ ਦੀ ਦੇਹ ਉਨ੍ਹਾਂ ਦੇ ਘਰ ਨਹੀਂ ਸੀ ਲਿਆਂਦੀ ਗਈ| ਉਧਰ ਡਾ. ਅਗਨੀਹੋਤਰੀ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਕਾਂਗਰਸ ਪਾਰਟੀ ਦੇ ਵਰਕਰ ਉਨ੍ਹਾਂ ਦੀ ਤਰਨ ਤਾਰਨ ਸਥਿਤ ਰਿਹਾਇਸ਼ ’ਤੇ ਇਕੱਠੇ ਹੋਏ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ| -ਪੱਤਰ ਪ੍ਰੇਰਕ