ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਮਈ
ਸਾਬਕਾ ਵਿਦੇਸ਼ ਰਾਜ ਮੰਤਰੀ, ਸਾਬਕਾ ਰਾਜਪਾਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਆਰ.ਐੱਲ. ਭਾਟੀਆ ਦਾ ਬੀਤੀ ਦੇਰ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਨਾਲ ਪੀੜਤ ਸਨ। ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਲਗਪਗ 100 ਵਰ੍ਹਿਆਂ ਦੇ ਸ੍ਰੀ ਭਾਟੀਆ ਦੀ ਸਿਹਤ ਵਿਗੜਨ ਕਾਰਨ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਬੀਤੇ ਦਿਨ ਉਨ੍ਹਾਂ ਦੀ ਤਬੀਅਤ ਹੋਰ ਵਿਗੜ ਗਈ ਅਤੇ ਦੇਰ ਰਾਤ ਉਹ ਸਦੀਵੀਂ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਬੇਟਾ ਰਮੇਸ਼ ਭਾਟੀਆ ਅਤੇ ਬੇਟੀ ਸਰੋਜ ਮੁੰਜਾਲ ਨੂੰ ਛੱਡ ਗਏ ਹਨ। ਸ੍ਰੀ ਭਾਟੀਆ ਦਾ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ।
ਆਰ.ਐੱਲ. ਭਾਟੀਆ ਦਾ ਜਨਮ 3 ਜੁਲਾਈ, 1920 ਨੂੰ ਪਿਤਾ ਅਰੂੜ ਮਲ ਭਾਟੀਆ ਅਤੇ ਮਾਂ ਲਾਲ ਦੇਵੀ ਭਾਟੀਆ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ 1972 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਬਣੇ। ਉਹ ਛੇ ਵਾਰ ਕਾਂਗਰਸ ਦੇ ਸੰਸਦ ਮੈਂਬਰ ਚੁਣੇ ਗਏ। 1992 ਵਿੱਚ ਪੀਵੀ ਨਰਸਿਮ੍ਹਾ ਰਾਓ ਦੀ ਸਰਕਾਰ ਵੇਲੇ ਉਨ੍ਹਾਂ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ। ਮਗਰੋਂ ਉਹ ਕੇਰਲ ਅਤੇ ਬਿਹਾਰ ਦੇ ਰਾਜਪਾਲ ਵੀ ਬਣੇ। ਪੰਜਾਬ ਵਿੱਚ ਅਤਿਵਾਦ ਦੇ ਖਾਤਮੇ ਲਈ ਉਨ੍ਹਾਂ ਅਹਿਮ ਰੋਲ ਨਿਭਾਇਆ ਤੇ ਉਹ ਇੱਕ ਵਾਰ ਅਤਿਵਾਦੀ ਹਮਲੇ ਦਾ ਸ਼ਿਕਾਰ ਵੀ ਹੋਏ।
ਉਨ੍ਹਾਂ ਦਾ ਸਸਕਾਰ ਇਲੈਕਟ੍ਰੀਕਲ ਮਸ਼ੀਨ ਰਾਹੀਂ ਕੀਤਾ ਗਿਆ। ਉਨ੍ਹਾਂ ਦੇ ਸਸਕਾਰ ਵੇਲੇ ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਅਸ਼ਵਨੀ ਸੇਖੜੀ, ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮਮਤਾ ਦੱਤਾ, ਜ਼ਿਲ੍ਹਾ ਪ੍ਰਧਾਨ ਜਤਿੰਦਰ ਸੋਨੀਆ ਸਮੇਤ ਹੋਰ ਹਾਜ਼ਰ ਸਨ।
ਜਥੇਦਾਰ ਕਾਂਝਲਾ ਨੂੰ ਅੰਤਿਮ ਵਿਦਾਇਗੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ ਦਾ ਅੱਜ ਇਥੇ ਉਭਾਵਾਲ ਰੋਡ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜਥੇਦਾਰ ਕਾਂਝਲਾ ਨੂੰ ਅੰਤਿਮ ਵਿਦਾਇਗੀ ਦੇਣ ਪੁੱਜੇ। ਇਸ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰਕ ਮੈਂਬਰਾਂ ਅਤੇ ਸਿਆਸੀ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪਾਰਟੀ ਆਗੂ ਗੁਰਬਚਨ ਸਿੰਘ ਬਚੀ, ਪੰਜਾਬ ਟਰੇਡਰਜ਼ ਬੋਰਡ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਟੀਟੂ ਮੌਜੂਦ ਸਨ।