ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਲੰਬੀ, 23 ਮਾਰਚ
ਪੰਜਾਬ ਦੇ ਸਾਬਕਾ ਪੰਚਾਇਤ ਰਾਜ ਮੰਤਰੀ ਅਤੇ ਲੰਬੀ ਹਲਕੇ ਤੋਂ ਸਾਬਕਾ ਵਿਧਾਇਕ ਗੁਰਨਾਮ ਸਿੰਘ ਅਬੁਲ ਖੁਰਾਣਾ (90) ਦਾ ਅੱਜ ਗੁਰਦਿਆਂ ਦੀ ਸੰਖੇਪ ਬਿਮਾਰੀ ਮਗਰੋਂ ਚੰਡੀਗੜ੍ਹ ਰਿਹਾਇਸ਼ ਵਿੱਚ ਦੇਹਾਂਤ ਹੋ ਗਿਆ। ਉਹ 1992-1997 ਦੌਰਾਨ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਸਨ। ਉਨ੍ਹਾਂ ਦਾ ਸਸਕਾਰ ਭਲਕੇ 24 ਮਾਰਚ ਨੂੰ ਅਬੁਲ ਖੁਰਾਣਾ ਵਿੱਚ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੁਰਨਾਮ ਸਿੰਘ ਨੂੰ ਭੱਦਰਪੁਰਸ਼ ਅਤੇ ਲੋਕਾਂ ਦਾ ਆਗੂ ਦੱਸਿਆ। ਇਸੇ ਦੌਰਾਨ ਸਰਕਾਰ ਨੇ ਮਰਹੂਮ ਆਗੂ ਨੂੰ ਸਤਿਕਾਰ ਭੇਟ ਕਰਦਿਆਂ ਅੱਜ ਦੇ ਰਹਿੰਦੇ ਦਿਨ ਲਈ ਸੂਬਾ ਸਰਕਾਰ ਦੇ ਦਫਤਰਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ।