ਦਵਿੰਦਰ ਪਾਲ
ਚੰਡੀਗੜ੍ਹ, 17 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਪੁੱਤਰ ਦਮਨਵੀਰ ਸਿੰਘ ਫਿਲੌਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਲ ਹੋ ਗਏ ਹਨ। ਸਰਵਣ ਸਿੰਘ ਫਿਲੌਰ ਛੇ ਵਾਰ ਵਿਧਾਇਕ ਰਹੇ ਹਨ।
ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਰਵਣ ਸਿੰਘ ਫਿਲੌਰ ਅਤੇ ਦਮਨਵੀਰ ਸਿੰਘ ਫਿਲੌਰ ਦੱਬੇ-ਕੁਚਲੇ ਵਰਗ ਦੀ ਭਲਾਈ ਲਈ ਕੰਮ ਕਰਨ ਲਈ ਜਾਣੇ ਜਾਂਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੋਆਬੇ ਖਾਸ ਕਰਕੇ ਫਿਲੌਰ ਦੇ ਲੋਕਾਂ ਦੀ ਦਿਨ-ਰਾਤ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਵਣ ਸਿੰਘ ਵਰਗੇ ਆਗੂਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਕਾਂਗਰਸ ਵਿੱਚ ਕੋਈ ਥਾਂ ਅਤੇ ਸਨਮਾਨ ਨਹੀਂ ਹੈ ਕਿਉਂਕਿ ਕਾਂਗਰਸ ਸਿਰਫ਼ ਪੰਜਾਬ ਅਤੇ ਇਸ ਦੇ ਵਸੀਲਿਆਂ ਦਾ ਸ਼ੋਸ਼ਣ ਕਰ ਕੇ ਪੈਸਾ ਕਮਾਉਣ ਵਿੱਚ ਦਿਲਚਸਪੀ ਰੱਖਦੀ ਹੈ।
ਸਾਰੀਆਂ ਪਾਰਟੀਆਂ ਨਸ਼ਾ, ਰੇਤ ਤੇ ਟਰਾਂਸਪੋਰਟ ਮਾਫ਼ੀਆ ਦੇ ਹੱਥਾਂ ਵਿੱਚ: ਫਿਲੌਰ
ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਸਾਰੀਆਂ ਪਾਰਟੀਆਂ ਨਸ਼ਾ, ਰੇਤ ਅਤੇ ਟਰਾਂਸਪੋਰਟ ਮਾਫ਼ੀਆ ਦੇ ਹੱਥਾਂ ਵਿੱਚ ਹਨ, ਜੋ ਰਾਜ ਦੇ ਜ਼ਰੂਰੀ ਅਤੇ ਕੀਮਤੀ ਹਿੱਸੇ ਨੂੰ ਲੁੱਟ ਕੇ ਖਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਦਾ ਧਿਆਨ ਸੂਬੇ ਵਿੱਚ ਨਸ਼ਾ-ਰੇਤ ਮਾਫ਼ੀਆ ਅਤੇ ਹੋਰ ਸਮੱਸਿਆਵਾਂ ਵੱਲ ਖਿੱਚਿਆ ਪਰ ਉਨ੍ਹਾਂ ਵੀ ਕੁਝ ਕਰਨ ਤੋਂ ਅਸਮਰੱਥਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਂਗਰਸੀ ਆਗੂ ਨੇ ਡਰੱਗ ਅਤੇ ਭੂ-ਮਾਫ਼ੀਆ ’ਤੇ ਤਿੱਖਾ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ।