ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੱਜ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਲਿਜ਼ਾ ਗਿੱਲ ਦੇ ਬੈਂਚ ਨੇ ਸਾਬਕਾ ਸਿਹਤ ਮੰਤਰੀ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ। ਅਦਾਲਤ ਨੇ ਇਸ ਤੋਂ ਪਹਿਲਾਂ ਸੁਣਵਾਈ ਮੌਕੇ ਸੂਬੇ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਕੀ ਉਹ ਇਸ ਦਾ ਵਿਰੋਧ ਕਰਦੇ ਹਨ? ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ 24 ਮਈ ਨੂੰ ਮੁਹਾਲੀ ਦੇ ਫ਼ੇਜ਼-8 ਦੇ ਥਾਣੇ ਵਿੱਚ ਦਰਜ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿੰਗਲਾ ’ਤੇ ਦੋਸ਼ ਸਨ ਕਿ ਉਨ੍ਹਾਂ ਨੇ ਵਿਭਾਗ ਦੇ ਟੈਂਡਰਾਂ ਵਿੱਚ ਇੱਕ ਫ਼ੀਸਦੀ ਕਮਿਸ਼ਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਸ ਦਰਜ ਹੋਣ ਮਗਰੋਂ ਕੈਬਨਿਟ ਮੰਤਰੀ ਵਜੋਂ ਵਿਜੈ ਸਿੰਗਲਾ ਨੂੰ ਬਰਖ਼ਾਸਤ ਕਰ ਦਿੱਤਾ ਸੀ। ਹਾਈ ਕੋਰਟ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਪੇਸ਼ ਹੋਏ, ਜਿਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਮਿਲਿਆ ਹੈ।
ਸਰਕਾਰ ਨੇ ਬਰਖ਼ਾਸਤ ਮੰਤਰੀ ਖ਼ਿਲਾਫ਼ ਜਾਣ-ਬੁੱਝ ਕੇ ਸਬੂਤ ਪੇਸ਼ ਨਹੀਂ ਕੀਤੇ: ਖਹਿਰਾ
ਮਾਨਸਾ (ਪੱਤਰ ਪ੍ਰੇਰਕ): ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਕੁਮਾਰ ਸਿੰਗਲਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚੋਂ ਜ਼ਮਾਨਤ ਮਿਲਣ ’ਤੇ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਇਸ 43 ਦਿਨਾਂ ਦੀ ਘਟਨਾ ਨੂੰ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਆਪਣੇ ਮੰਤਰੀ ਨੂੰ ਬਰਖ਼ਾਸਤ ਕੀਤਾ ਤੇ ਬਾਅਦ ਵਿੱਚ ਉਸ ਦੇ ਕੇਸ ਨੂੰ ਗੰਭੀਰਤਾ ਨਾਲ ਨਾ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਬੂਤ ਜਾਣ-ਬੁੱਝ ਕੇ ਪੇਸ਼ ਨਹੀਂ ਕੀਤੇ ਹਨ। ਉਹ ਅੱਜ ਮਾਨਸਾ ਨੇੜਲੇ ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਮਾਪਿਆਂ ਨਾਲ ਦੁੱਖ ਪ੍ਰਗਟ ਕਰਨ ਆਏ ਸਨ।