ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਜੁਲਾਈ
ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਪਦਮਸ੍ਰੀ ਮੁਹੰਮਦ ਇਜ਼ਹਾਰ ਆਲਮ (73) ਨੂੰ ਅੱਜ ਰੋਜ਼ਾ ਸ਼ਰੀਫ਼ ਫ਼ਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਉਨ੍ਹਾਂ ਦੇ ਪੀਏ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਸਮ-ਏ-ਕੁਲ ਨੌਂ ਜੁਲਾਈ ਨੂੰ ਆਲਮ ਹਾਊਸ, ਮਾਲੇਰਕੋਟਲਾ ਵਿੱਚ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਡੀਜੀਪੀ ਦਿਨਕਰ ਗੁਪਤਾ, ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ, ਸਪੈਸ਼ਲ ਡੀਜੀਪੀ (ਪੀਏਪੀ) ਇਕਬਾਲਪ੍ਰੀਤ ਸਿੰਘ ਸਹੋਤਾ, ਏਡੀਜੀਪੀ ਰਾਮ ਸਿੰਘ, ਹਾਜੀ ਤੁਫੈਲ ਮਲਿਕ, ਏਆਈਜੀ ਜਸਦੀਪ ਸੈਣੀ, ਡੀਆਈਜੀ ਗੁਰਪ੍ਰੀਤ ਸਿੰਘ ਤੂਰ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਸਮੇਤ ਹੋਰ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਜ਼ਹਾਰ ਆਲਮ ਨੂੰ ਫ਼ਤਹਿਗੜ੍ਹ ਸਾਹਿਬ ’ਚ ਸਪੁਰਦ-ਏ-ਖ਼ਾਕ ਕਰਨ ਦਾ ਵਿਰੋਧ
ਸਾਬਕਾ ਡੀਜੀਪੀ ਇਜ਼ਹਾਰ ਆਲਮ ਨੂੰ ਫ਼ਤਹਿਗੜ੍ਹ ਸਾਹਿਬ ਵਿੱਚ ਸਪੁਰਦ-ਏ-ਖਾਕ ਕਰਨ ਦੀ ਸੂਚਨਾ ਮਿਲਣ ’ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿੱਖ ਜਥੇਬੰਦੀਆਂ ਨੇ ਇਸ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਦੌਰਾਨ ਸਿੱਖ ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਬੇਦੋਸ਼ੇ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਇਜ਼ਹਾਰ ਆਲਮ ਦਾ ਫ਼ਤਹਿਗੜ੍ਹ ਸਾਹਿਬ ਨਾਲ ਕੋਈ ਲੈਣਾ-ਦੇਣਾ ਨਹੀਂ ਪਰ ਫਿਰ ਵੀ ਉਸ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਨੇੜੇ ਸਪੁਰਦ-ਏ-ਖ਼ਾਕ ਕਰਕੇ ਸਰਕਾਰ ਵੱਲੋਂ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ ਗਿਆ ਹੈ।