ਦਲਬੀਰ ਸੱਖੋਵਾਲੀਆ/ਸੁੱਚਾ ਸਿੰਘ ਪਸਨਾਵਾਲ
ਬਟਾਲਾ/ਧਾਰੀਵਾਲ, 6 ਅਕਤੂੁਬਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੇਵਾ ਸਿੰਘ ਸੇਖਵਾਂ ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੀਏ ਰਹੇ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਉਹ ਪਹਿਲਾਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਸਿਹਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਐਸਕਾਰਟ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵੱਖ-ਵੱਖ ਧਾਰਮਿਕ, ਸਮਾਜਸੇਵੀ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੇਵਾ ਸਿੰਘ ਸੇਖਵਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਵਾਸੀ ਸਨ ਅਤੇ ਉੱਘੇ ਸਿਆਸਤਦਾਨ ਮਰਹੂਮ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਪੁੱਤਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ ਜੇਪੀ ਸਿੰਘ, ਜਗਰੂਪ ਸਿੰਘ ਸੇਖਵਾਂ ਅਤੇ ਦੋ ਧੀਆਂ ਹਨ। ਉਹ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਛੱਡ ਕੇ ਪਿਛਲੇ ਮਹੀਨੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਉਚੇਚੇ ਤੌਰ ’ਤੇ ਉਨ੍ਹਾਂ ਦੇ ਪਿੰਡ ਸੇਖਵਾਂ ਆਏ ਸਨ। ਉਨ੍ਹਾਂ ਦੇ ਪੁੱਤਰ ਅਤੇ ‘ਆਪ’ ਦੇ ਹਲਕਾ ਕਾਦੀਆਂ ਤੋਂ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ ਭਲਕੇ ਸੱਤ ਅਕਤੂਬਰ ਨੂੰ ਪਿੰਡ ਸੇਖਵਾਂ ’ਚ ਕੀਤਾ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ‘ਆਪ’ ਦੇ ਆਗੂ ਸ਼ੈਰੀ ਕਲਸੀ, ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਪਹਿਲੀ ਵਾਰ 1997 ਵਿੱਚ ਚੁਣੇ ਗਏ ਸਨ ਵਿਧਾਇਕ
ਹਲਕਾ ਬਟਾਲਾ ਅਧੀਨ ਆਉਂਦੇ ਪਿੰਡ ਸੇਖਵਾਂ ਦੇ ਰਹਿਣ ਵਾਲੇ ਸੇਵਾ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ 1997 ਵਿੱਚ ਪਹਿਲੀ ਵਾਰੀ ਵਿਧਾਇਕ ਚੁਣੇ ਜਾਣ ਮਗਰੋਂ ਕੈਬਨਿਟ ਮੰਤਰੀ ਬਣੇ ਸਨ। ਇਸੇ ਤਰ੍ਹਾਂ 2007 ਤੋਂ 2012 ਦੀ ਬਾਦਲ ਸਰਕਾਰ ਦੌਰਾਨ ਹਲਕਾ ਕਾਹਨੂੰਵਾਨ ਤੋਂ ਜ਼ਿਮਨੀ ਚੋਣ ਲੜ ਕੇ ਸੇਖਵਾਂ ਫਿਰ ਸਿੱਖਿਆ ਮੰਤਰੀ ਬਣੇ। 2017 ’ਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਦੂਰੀਆਂ ਵਧਣ ’ਤੇ ਉਨ੍ਹਾਂ ਅਕਾਲੀ ਦਲ ਛੱਡ ਕੇ ਪਹਿਲਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਫਿਰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਪਾਰਟੀ ਬਣਾਈ। ਪਿਛਲੇ ਮਹੀਨੇ ਉਹ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।