ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜਨਵਰੀ
ਕਿਸਾਨ ਅੰਦੋਲਨ ਦਾ ਸੇਕ ਦਿੱਲੀ ਦੇ ਭਾਜਪਾ ਆਗੂਆਂ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਅੱਜ ਕਰਨਾਲ ਜ਼ਿਲ੍ਹੇ ਦੇ ਕੁਝ ਨੌਜਵਾਨਾਂ ਨੇ ਸਿੰਘੂ ਬਾਰਡਰ ਉਪਰ ਚੱਲ ਰਹੇ ਧਰਨੇ ਦੌਰਾਨ ਕੁੰਡਲੀ ਵਾਲੇ ਹਿੱਸੇ ਵਿੱਚ ਦਿੱਲੀ ਦੇ ਨਰੇਲਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਨੀਲ ਦਮਨ ਖੱਤਰੀ ਦੇ ਦਫ਼ਤਰ ਦੇ ਫਲੈਕਸ ਬੋਰਡ ਪਾੜ ਦਿੱਤੇ ਅਤੇ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਰਨਾਲ ਜ਼ਿਲ੍ਹੇ ਦੇ ਜਰਮਾਣਾ ਪਿੰਡ ਦੇ ਨੌਜਵਾਨਾਂ ਨੇ ਅੱਜ ਦਿਨ ਵੇਲੇ ਭਾਜਪਾ ਆਗੂ ਦੇ ਪ੍ਰਾਪਰਟੀ ਡੀਲਰ ਵਾਲੇ ਦਫ਼ਤਰ ਦੇ ਗੇਟ ਉਪਰ ਲੱਗੇ ਦੋ ਬੋਰਡ ਪਾੜ ਦਿੱਤੇ। ਇਕ ਨੌਜਵਾਨ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਹਰ ਥਾਂ ’ਤੇ ਇੰਜ ਹੀ ਵਿਰੋਧ ਜਾਰੀ ਰਹੇਗਾ। ਉਸ ਨੇ ਕਿਹਾ ਕਿ ਕਿਤੇ ਵੀ ਭਾਜਪਾ ਦੀ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਬੋਰਡ ਨਹੀਂ ਲੱਗਣ ਦਿੱਤੇ ਜਾਣਗੇ। ਉਧਰ ਸਾਬਕਾ ਵਿਧਾਇਕ ਨੀਲ ਦਮਨ ਖੱਤਰੀ ਨੇ ਕਿਹਾ ਕਿ ਉਸ ਨੂੰ ਕੁਝ ਭੰਨ-ਤੋੜ ਹੋਣ ਦਾ ਪਤਾ ਲੱਗਾ ਹੈ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਕਰਨਗੇ।