ਚਰਨਜੀਤ ਭੁੱਲਰ
ਚੰਡੀਗੜ੍ਹ, 1 ਅਕਤੂਬਰ
ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕੋਵਿਡ ਮਹਾਮਾਰੀ ਦੌਰਾਨ ਆਕਸੀਜਨ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਥਾਪਤ ਕੀਤੀ ਗਈ ਹੈ ਤਾਂ ਜੋ ਕਿਤੇ ਵੀ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾ ਆਵੇ। ਟਰਾਂਸਪੋਰਟ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਉਦਯੋਗ ਤੇ ਵਣਜ ਵਿਭਾਗ ਅਧੀਨ ਰਾਜ ਪੱਧਰੀ ਟਾਸਕ ਫੋਰਸ ਬਣਾਉਣ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਸਬੰਧਿਤ ਸੀ.ਐੱਮ.ਓ./ਜੀ.ਐੱਮ.ਡੀ. ਆਈ.ਸੀ./ਡਰੱਗ ਇੰਸਪੈਕਟਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸਥਾਪਤ ਕੀਤੀ ਗਈ ਹੈ। ਸੂਬੇ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਆਕਸੀਜਨ ਦੇ ਉਤਪਾਦਨ ਤੇ ਭੰਡਾਰਨ ਟੈਂਕ ਸਥਾਪਤ ਕਰਨ ਅਤੇ ਸਿਵਲ ਹਸਪਤਾਲ ਜਲੰਧਰ ਤੇ ਲੁਧਿਆਣਾ ਵਿੱਚ ਆਕਸੀਜਨ ਦੇ ਉਤਪਾਦਨ ਲਈ ਟੈਂਡਰ ਜਾਰੀ ਕਰਨ ਦੀ ਤਿਆਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਸੱਦੀ ਮੀਟਿੰਗ ਮਗਰੋਂ ਇਹ ਫੈਸਲੇ ਲਏ ਗਏ ਹਨ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਮੀਟਿੰਗ ਵਿੱਚ ਦੱਸਿਆ ਕਿ ਅੰਮ੍ਰਿਤਸਰ, ਪਟਿਆਲਾ ਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਲਿਕੁਇਡ ਮੈਡੀਕਲ ਆਕਸੀਜਨ ਦੇ ਉਤਪਾਦਨ ਤੇ ਭੰਡਾਰਨ ਸਹੂਲਤ ਲਈ 9.92 ਕਰੋੜ ਰੁਪਏ ਦੀ ਜ਼ਰੂਰਤ ਹੈ ਜਿਸ ਲਈ ਟੈਂਡਰ ਜਲਦੀ ਜਾਰੀ ਕਰ ਦਿੱਤੇ ਜਾਣਗੇ।
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਰਕਾਰੀ ਤੇ ਮੈਡੀਕਲ ਹਸਪਤਾਲਾਂ ਵਿੱਚ ਇਸ ਵੇਲੇ ਰੋਜ਼ਾਨਾ ਕਰੀਬ 135 ਐੱਮ.ਟੀ. ਮੈਡੀਕਲ ਆਕਸੀਜਨ ਦੀ ਜ਼ਰੂਰਤ ਹੈ। ਸੂਬਾ ਕਰੀਬ 75 ਐੱਮ.ਟੀ. ਮੈਡੀਕਲ ਆਕਸੀਜਨ ਖਰੀਦ ਰਿਹਾ ਹੈ ਅਤੇ ਸੂਬੇ ਕੋਲ 80 ਐਮ.ਟੀ. ਲਿਕੁਇਡ ਮੈਡੀਕਲ ਆਕਸੀਜਨ ਮੌਜੂਦ ਹੈ। ਸਿਹਤ ਵਿਭਾਗ ਨੇ ਹਸਪਤਾਲਾਂ ਵਿੱਚ ਵਰਤੋਂ ਸਬੰਧੀ ਨਿਰਧਾਰਤ ਸੰਚਾਲਨ ਵਿਧੀ ਜਾਰੀ ਕੀਤੀ ਹੈ ਅਤੇ ਨੀਤੀ ਅਯੋਗ ਦੀਆਂ ਹਸਪਤਾਲ ਪ੍ਰਬੰਧਨ ਕਮੇਟੀ ਤੇ ਨਿਗਾਰਨ ਟੀਮਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਮਰੀਜ਼ਾਂ ਦੀ ਟੈਲੀ ਮੌਨੀਟਰਿੰਗ ਅੱਜ ਤੋਂ
ਚੰਡੀਗੜ੍ਹ: ਘਰੇਲੂ ਇਕਾਂਤਵਾਸ ਅਧੀਨ ਬਿਨਾਂ ਲੱਛਣਾਂ ਵਾਲੇ ਅਤੇ ਹਲਕੇ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਸੂਬਾ ਸਰਕਾਰ ਵਲੋਂ ਇਨ੍ਹਾਂ ਮਰੀਜ਼ਾਂ ਦੀ ਨਿਯਮਤ ਨਿਗਰਾਨੀ ਲਈ ਪੇਸ਼ਾਵਰ ਹੋਮ ਹੈਲਥਕੇਅਰ ਕੰਪਨੀਆਂ ਦੇ ਇੱਕ ਸਹਾਇਤਾ ਸਮੂਹ ਦਾ ਸਹਿਯੋਗ ਲਿਆ ਜਾਵੇਗਾ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮੰਤਵ ਲਈ ਮੈਸਰਜ਼ ਹੈਲਥ ਵਿਸਟਾ ਪ੍ਰਾਈਵੇਟ ਲਿਮਟਿਡ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਪੇਸ਼ਾਵਰ ਸਿਹਤ ਦੇਖ ਭਾਲ ਟੈਲੀਕਾਲਰ ਰੋਜ਼ਾਨਾ 10 ਤੋਂ ਵੀ ਘੱਟ ਦਿਨਾਂ ਲਈ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੇ। ਇਸ ਸਮੂਹ ਕੋਲ ਦਿੱਲੀ, ਮੁੰਬਈ, ਚੇਨਈ ਅਤੇ ਕਰਨਾਟਕ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਅਜਿਹੀ ਨਿਗਰਾਨੀ ਦਾ ਤਜਰਬਾ ਹੈ। ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਜਾਂਚ ਰੋਜ਼ਾਨਾ ਫੋਨ ਨੰਬਰ 01206679850, 08068972066 ਅਤੇ 04068118722 ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰਣਾਲੀ ਤਹਿਤ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਦੀ ਨਿਗਰਾਨੀ ਪਹਿਲ ਦੇ ਆਧਾਰ ’ਤੇ ਕੀਤੀ ਜਾਵੇਗੀ। ਮਰੀਜ਼ਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਉਨ੍ਹਾਂ ਨੂੰ ਉਪਰੋਕਤ ਨੰਬਰਾਂ ਤੋਂ ਫੋਨ ਆਵੇ ਤਾਂ ਉਹ ਇਨ੍ਹਾਂ ਨੰਬਰਾਂ ਦਾ ਜਵਾਬ ਜ਼ਰੂਰ ਦੇਣ। ਘਰੇਲੂ ਇਕਾਂਤਵਾਸ (ਐੱਚ.ਆਈ.) ਅਧੀਨ ਇਛੁੱਕ ਮਰੀਜ਼ਾਂ ਲਈ ਵੀਡੀਓ ਕਾਲ ਰਾਹੀਂ ਡਾਕਟਰੀ ਸਲਾਹ-ਮਸ਼ਵਰੇ ਦਾ ਪ੍ਰਬੰਧ ਕੀਤਾ ਜਾਵੇਗਾ।