ਬਹਾਦਰਜੀਤ ਸਿੰਘ
ਰੂਪਨਗਰ, 2 ਅਕਤੂਬਰ
ਇੱਥੋਂ ਦੇ ਪਿੰਡ ਰੋਡ ਮਾਜਰਾ ਦੇ ਗੁਰਦੁਆਰੇ ਦੀ ਹਦੂਦ ਅੰਦਰ ਵਿਆਹ ਸਮਾਗਮ ਦੌਰਾਨ ਨਚਾਰ ਨਚਾ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਵਿਆਹ ਸਮਾਗਮ ਦੇ ਪ੍ਰਬੰਧਕ ਬਾਬਾ ਗਾਜ਼ੀ ਦਾਸ ਕਲੱਬ ਰੋਡ ਮਾਜਰਾ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਅਤੇ ਮੈਂਬਰਾਂ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਅਤੇ ਅਰਦਾਸ ਕਰਕੇ ਅਣਜਾਣੇ ਵਿੱਚ ਹੋਈ ਗਲਤੀ ਲਈ ਭੁੱਲ ਬਖਸ਼ਾਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪਿੰਡ ਰੋਡ ਮਾਜਰਾ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਪੰਡਾਲ ਲਗਾ ਕੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ 31-31 ਹਜ਼ਾਰ ਰੁਪਏ ਸ਼ਗਨ ਪਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਅਨੰਦ ਕਾਰਜਾਂ ਦੀ ਸੰਪੂਰਨਤਾ ਤੋਂ ਬਾਅਦ ਵਿਆਹੇ ਜੋੜੇ ਰਿਸ਼ਤੇਦਾਰਾਂ ਨਾਲ ਪੰਡਾਲ ਵਿੱਚ ਪੁੱਜੇ ਤਾਂ ਪਿੰਡ ਦਬੁਰਜੀ ਦੇ ਇੱਕ ਲਾੜੇ ਦਾ ਪਰਿਵਾਰ ਆਪਣੇ ਨਾਲ ਬੈਂਡ ਬਾਜਾ ਲੈ ਕੇ ਪੁੱਜ ਗਿਆ ਜਿਸ ਨਾਲ ਔਰਤਾਂ ਦੇ ਪਹਿਰਾਵੇ ਵਿੱਚ ਦੋ ਨਚਾਰ ਵੀ ਨੱਚ ਰਹੇ ਸਨ। ਉਨ੍ਹਾਂ ਕੁਝ ਸਮੇਂ ਬਾਅਦ ਹੀ ਪੰਡਾਲ ਵਿੱਚ ਨਾਚ ਗਾਣਾ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ’ਤੇ ਇਸ ਘਟਨਾ ਨੂੰ ਸਿਆਸੀ ਮਨੋਰਥ ਲਈ ਤੂਲ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਨ੍ਹਾਂ ਸਬੰਧੀ ਬਿਆਨਬਾਜ਼ੀ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਦੀ ਕੋਈ ਮਨਸ਼ਾ ਨਹੀਂ ਸੀ ਪਰ ਉਹ ਸਮੂਹ ਸੰਗਤ ਤੋਂ ਮੁਆਫੀ ਮੰਗਦੇ ਹਨ।