ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਸਤੰਬਰ
ਜੰਗਲਾਤ ਘੁਟਾਲੇ ਦੇ ਘੇਰੇ ਵਿਚ ਆਏ ‘ਆਪ’ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਇਨੋਵਾ ਗੱਡੀ ਨੂੰ ਅੱਜ ਵਿਜੀਲੈਂਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਵਿਜੀਲੈਂਸ ਨੇ ਇਹ ਗੱਡੀ ਦੇਣ ਵਾਲੇ ਭਿੰਡਰ ਭਰਾਵਾਂ ’ਤੇ ਨੂਰਪੁਰ ਬੇਦੀ ਪੁਲੀਸ ਥਾਣੇ ਵਿੱਚ ਐਫਆਈਆਰ ਦਰਜ ਕਰਵਾ ਦਿੱਤੀ ਹੈ। ਇਸ ਦੀ ਪੁਸ਼ਟੀ ਪੁਲੀਸ ਥਾਣੇ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਬਰਾੜ ਨੇ ਕੀਤੀ। ਵਿਜੀਲੈਂਸ ਦੀ ਜਾਂਚ ਵਿਚ ਖੁਲਾਸਾ ਹੋਇਆ ਸੀ ਕਿ ਇਹ ਕਾਰ ਸੰਦੋਆ ਦੇ ਇੱਕ ਰਿਸ਼ਤੇਦਾਰ ਨੇ ਖਰੀਦੀ ਸੀ ਇਸ ਦੀ ਅਦਾਇਗੀ ਇਸ ਘੁਟਾਲੇ ਦੇ ਇੱਕ ਮੁਲਜ਼ਮ ਵੱਲੋਂ ਕਾਰ ਡੀਲਰ ਨੂੰ ਕੀਤੀ ਗਈ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਦੀ ਟੀਮ ਕਿਸੇ ਵੇਲੇ ਵੀ ਸੰਦੋਆ ਨੂੰ ਹਿਰਾਸਤ ਵਿੱਚ ਲੈ ਸਕਦੀ ਹੈ। ਦੱਸਣਯੋਗ ਹੈ ਕਿ ਇਹ ਘੁਟਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਕਰੂਰਾ ’ਚ ਦੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਹੋਇਆ ਸੀ ਜਿਸ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ।