ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੂਨ
‘ਪਹਾੜਾਂ ਦੀ ਜੜ੍ਹ’ ਵਿੱਚ ਪੈਂਦੇ ਜ਼ਿਲ੍ਹਿਆਂ ਵਿਚ ਜੰਗਲਾਤ ਅਫ਼ਸਰ ਲੱਗਣਾ ਮਹਿੰਗਾ ਸੌਦਾ ਸੀ ਜਦੋਂ ਕਿ ਮਲਵਈ ਜ਼ਿਲ੍ਹਿਆਂ ’ਚ ਤਾਇਨਾਤੀ ਦਾ ਭਾਅ ਸਸਤਾ ਸੀ। ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਓਐੱਸਡੀ ਰਹੇ ਚਮਕੌਰ ਸਿੰਘ ਤੋਂ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਮੁਹਾਲੀ, ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿਚ ਜ਼ਿਲ੍ਹਾ ਜੰਗਲਾਤ ਅਫ਼ਸਰ ਵਜੋਂ ਤਾਇਨਾਤੀ ਲਈ ਖੁੱਲ੍ਹੀ ਬੋਲੀ ਲੱਗਦੀ ਸੀ, ਜਿਸ ’ਚ ਪ੍ਰਤੀ ਤਾਇਨਾਤੀ 10 ਤੋਂ 20 ਲੱਖ ਰੁਪਏ ਤੱਕ ਵਸੂਲੇ ਜਾਂਦੇ ਸਨ। ਸੂਤਰਾਂ ਅਨੁਸਾਰ ਮਾਲਵੇ ਦੇ ਜ਼ਿਲ੍ਹਿਆਂ ਵਿਚ ਤਾਇਨਾਤੀ ਲਈ ਪੰਜ ਤੋਂ ਸੱਤ ਲੱਖ ਰੁਪਏ ਵਸੂਲੇ ਜਾਂਦੇ ਸਨ। ਵਿਜੀਲੈਂਸ ਕੋਲ ਕਬੂਲ ਕੀਤਾ ਗਿਆ ਹੈ ਕਿ ਤਾਇਨਾਤੀਆਂ ਅਤੇ ਬਦਲੀਆਂ ਤੋਂ ਕਰੀਬ ਤਿੰਨ ਤੋਂ ਚਾਰ ਕਰੋੜ ਰੁਪਏ ਕਮਾਏ ਗਏ ਸਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਨੂੰ ਅਜੇ ਤੱਕ ਕੋਈ ਹੱਥ-ਪੱਲਾ ਨਹੀਂ ਫੜਾ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਓਐੱਸਡੀ ਚਮਕੌਰ ਸਿੰਘ ਨੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਵਿਜੀਲੈਂਸ ਨੇ ਸੰਪਤੀ ਦੀ ਜਾਂਚ ਲਈ ਸਾਬਕਾ ਮੰਤਰੀ ਧਰਮਸੋਤ ਦੇ ਬੱਚਿਆਂ ਦੇ ਨਾਮ ’ਤੇ ਦਰਜ ਸੰਪਤੀ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ।
ਵਿਜੀਲੈਂਸ ਨੂੰ ਸੂਹ ਮਿਲੀ ਹੈ ਕਿ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹੇ ਵਿਚ ਦੋ ਕੋਠੀਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਵੀ ਜਾਇਦਾਦ ਬਣਾਈ ਗਈ ਹੈ। ਵਿਜੀਲੈਂਸ ਬਿਊਰੋ ਨੇ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੁਹਾਲੀ ਦੀ ਅਦਾਲਤ ’ਚੋਂ ਜ਼ਿਲ੍ਹਾ ਜੰਗਲਾਤ ਅਫ਼ਸਰ ਮੁਹਾਲੀ ਰਹੇ ਗੁਰਅਮਨਪ੍ਰੀਤ ਸਿੰਘ ਅਤੇ ਜੰਗਲਾਤ ਦੇ ਠੇਕੇਦਾਰ ਹਰਮੋਹਿੰਦਰ ਸਿੰਘ ਹਮੀ ਦਾ ਪ੍ਰੋਡਕਸ਼ਨ ਵਰੰਟ ਹਾਸਲ ਕਰ ਲਿਆ ਹੈ।
ਧਰਮਸੋਤ ਨੂੰ ਅੱਜ ਮੁੜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਜੰਗਲਾਤ ਘਪਲੇ ਵਿਚ ਗ੍ਰਿਫ਼ਤਾਰ ਕੀਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਾਥੀਆਂ ਨੂੰ ਭਲਕੇ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਧਰਮਸੋਤ ਦੇ ਕਾਰਜਕਾਲ ਦੌਰਾਨ ਜ਼ਿਲ੍ਹਿਆਂ ਵਿਚ ਤਾਇਨਾਤ ਰਹੇ ਜ਼ਿਲ੍ਹਾ ਜੰਗਲਾਤ ਅਫ਼ਸਰਾਂ ਤੋਂ ਵੀ ਵਿਜੀਲੈਂਸ ਪੁੱਛਗਿੱਛ ਕਰ ਸਕਦੀ ਹੈ। ਵਿਜੀਲੈਂਸ ਵੱਲੋਂ ਅਦਾਲਤੀ ਹੁਕਮਾਂ ’ਤੇ ਸਾਬਕਾ ਮੰਤਰੀ ਧਰਮਸੋਤ ਦਾ ਰੋਜ਼ਾਨਾ ਮੈਡੀਕਲ ਕਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਵਕੀਲ ਨਾਲ ਮੁਲਾਕਾਤ ਕਰਨ ਦਾ ਰੋਜ਼ਾਨਾ ਦਸ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ। ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਦੇ ਕਈ ਨੇੜਲੇ ਰੂਪੋਸ਼ ਹੋ ਗਏ ਹਨ।