ਦਵਿੰਦਰ ਪਾਲ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 30 ਅਗਸਤ
ਪੰਜਾਬ ਵਿਜੀਲੈਸ ਬਿਊਰੋ ਵੱਲੋਂ ਜੰਗਲਾਤ ਘੁਟਾਲੇ ਦੇ ਮਾਮਲੇ ਵਿਚ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਸਥਿਤ ਵਣ ਰੇਂਜ ਅਫਸਰ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ’ਤੇ 6 ਜੂਨ ਨੂੰ ਦਰਜ ਕੇਸ ਦੇ ਸਬੰਧ ਵਿਚ ਹੋਈ ਹੈ। ਸੁਖਵਿੰਦਰ ਸਿੰਘ ’ਤੇ ਤਤਕਾਲੀ ਵਣ ਮੰਡਲ ਅਫ਼ਸਰ ਮਾਨਸਾ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਰਾਹੀਂ ਜਾਅਲੀ ਫਰਮਾਂ ਦੇ ਫਰਜ਼ੀ ਬਿੱਲ ਤਿਆਰ ਕਰਕੇ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਪਿੱਛੋਂ ਨਗਦ ਕਢਵਾਉਣ ਦੇ ਦੋਸ਼ ਹਨ। ਵਿਜੀਲੈਂਸ ਦਾ ਕਹਿਣਾ ਹੈ ਕਿ ਸੀਮਿੰਟ ਦੇ ਰੁੱਖ ਗਾਰਡ ਬਣਾਉਣ ਲਈ ਜਾਰੀ ਬਜਟ 45.69 ਲੱਖ ਰੁਪਏ ਅਤੇ ਬਾਂਸ ਦੇ ਰੁੱਖ ਗਾਰਡ ਬਣਾਉਣ ਸਬੰਧੀ 7 ਲੱਖ ਰੁਪਏ ਦੇ ਫੰਡਾਂ ਦੇ ਗਬਨ ਰਾਹੀਂ ਸਰਕਾਰ ਨੂੰ 52.69 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਸੂਬੇ ਵਿੱਚ ਕਾਂਗਰਸ ਸਰਕਾਰ ਸਮੇਂ ਜੰਗਲਾਤ ਵਿਭਾਗ ਵਿੱਚ ਹੋਏ ਬਹੁਕਰੋੜੀ ਘੁਟਾਲੇ ਦੀਆਂ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ।
ਵਿਜੀਲੈਂਸ ਬਿਊਰੋ ਦੀ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਅਜਿਹੀਆਂ ਫਰਮਾਂ ਤੋਂ ਲੱਖਾਂ ਰੁਪਏ ਦੀ ਖਰੀਦਦਾਰੀ ਦਿਖਾਈ ਹੈ ਜਿਨ੍ਹਾਂ ਫਰਮਾਂ ਦਾ ਕੋਈ ਅਤਾ ਪਤਾ ਤੇ ਵਜੂਦ ਹੀ ਨਹੀਂ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਨਵੰਬਰ 2021 ਤੋਂ ਵਣ ਰੇਂਜ ਅਫਸਰ ਬੁਢਲਾਡਾ ਤਾਇਨਾਤ ਰਿਹਾ ਅਤੇ ਉਸ ਸਮੇਂ ਮਾਨਸਾ ਦੇ ਵਣ ਮੰਡਲ ਅਫ਼ਸਰ ਵਜੋਂ ਅਮਿਤ ਚੌਹਾਨ ਤਾਇਨਾਤ ਸੀ। ਸਾਲ 2021 ਵਿੱਚ ਰੁੱਖ ਕੱਟਣ ਬਦਲੇ ਰੁੱਖ ਲਗਾਉਣ ਸਕੀਮ ਅਧੀਨ ਪ੍ਰਧਾਨ ਮੁੱਖ ਵਣਪਾਲ ਵੱਲੋਂ ਸੀਮਿੰਟ (ਆਰਸੀਸੀ) ਦੇ ਬਣੇ 5872 ਰੁੱਖ ਗਾਰਡ ਖਰੀਦਣ ਲਈ ਮਾਨਸਾ ਮੰਡਲ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਵਿੱਚੋਂ 2537 ਰੁੱਖ ਗਾਰਡ ਵਣ ਮੰਡਲ ਅਫਸਰ ਮਾਨਸਾ ਵੱਲੋਂ ਰੇਂਜ ਬੁਢਲਾਡਾ ਨੂੰ ਤਿਆਰ ਕਰਵਾਏ ਜਾਣ ਲਈ 45.69 ਲੱਖ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਸੀ। ਇਸ ਸਕੀਮ ਅਧੀਨ ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਸੀਮਿੰਟ ਦੇ 2537 ਰੁੱਖ ਗਾਰਡ ਤਿਆਰ ਕਰਨ ਲਈ ਮੈਸਰਜ਼ ਅੰਬੇ ਸੀਮਿੰਟ ਸਟੋਰ, ਚੰਨੋ, ਜ਼ਿਲ੍ਹਾ ਸੰਗਰੂਰ ਅਤੇ ਐਨਐਸ ਜੈਨ ਸੀਮਿੰਟ ਐਂਡ ਅਸੈਸਰੀਜ਼ ਸਟੋਰ, ਪਟਿਆਲਾ ਨਾਮੀ ਫਰਮਾਂ ਪਾਸੋਂ ਸਾਮਾਨ ਖਰੀਦਣ ਸਬੰਧੀ ਬਿੱਲ ਹਾਸਲ ਕੀਤੇ ਗਏ।
ਇਨ੍ਹਾਂ ਬਿੱਲਾਂ ਉੱਪਰ ਲਿਖੀ ਹੋਈ ਫਰਮ, ਉਸ ਦੇ ਜੀਐਸਟੀ ਨੰਬਰਾਂ ਅਤੇ ਸੰਪਰਕ ਨੰਬਰਾਂ ਬਾਰੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਦੋਵੇਂ ਨਾਵਾਂ ਦੀਆਂ ਮੌਜੂਦਾ ਪਤੇ ਵਾਲੀਆਂ ਕੋਈ ਵੀ ਫਰਮਾਂ ਮੌਜੂਦ ਨਹੀਂ ਹਨ। ਬਿਲਾਂ ’ਤੇ ਦਰਜ ਜੀਐੱਸਟੀ ਨੰਬਰ ਵੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ ਜੋ ਫਰਜ਼ੀ ਹਨ ਅਤੇ ਸੰਪਰਕ ਨੰਬਰ ਵੀ ਠੀਕ ਨਹੀਂ ਹਨ।ਵਿਜੀਲੈਂਸ ਦਾ ਦਾਅਵਾ ਹੈ ਕਿ ਬਜਟ ਦੀ ਇਹ ਰਕਮ ਸੁਖਵਿੰਦਰ ਸਿੰਘ ਦੇ ਕਹਿਣ ਉਤੇ ਨਗਦ ਕਢਵਾ ਕੇ ਦਿੱਤੀ ਗਈ ਹੈ ਤੇ 2537 ਰੁੱਖ ਗਾਰਡਾਂ ਸਬੰਧੀ 45.69 ਲੱਖ ਰੁਪਏ ਦਾ ਸਰਕਾਰ ਨੂੰ ਚੂਨਾ ਲਾਇਆ ਗਿਆ ਹੈ। ਇਹ ਵੀ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਵੱਲੋਂ ਦਸੰਬਰ 2021 ਵਿੱਚ 7 ਲੱਖ ਰੁਪਏ ਦੇ ਬਾਂਸ ਦੇ ਰੁੱਖ ਗਾਰਡ ਗੁਰੂਕਿਰਪਾ ਬੈਂਬੂ ਸਟੋਰ, ਮਾਨਸਾ ਪਾਸੋਂ ਖਰੀਦੇ ਗਏ ਪਰ ਮੌਜੂਦਾ ਪਤੇ ਉਤੇ ਇਹ ਫਰਮ ਵੀ ਮੌਜੂਦ ਹੀ ਨਹੀਂ ਹੈ।