ਜਸਵੰਤ ਜੱਸ
ਫ਼ਰੀਦਕੋਟ, 23 ਮਈ
ਇਥੇ ਕੋਟਕਪੂਰਾ ਸੜਕ ’ਤੇ ਖੰਡ ਮਿੱਲ ਦੀ 135 ਏਕੜ ਜ਼ਮੀਨ ਵਿੱਚ ਸਥਿਤ ਜੰਗਲ ਨੂੰ ਦੇਰ ਰਾਤ ਭੇਤਭਰੇ ਢੰਗ ਨਾਲ ਅੱਗ ਲੱਗ ਗਈ, ਜਿਸ ’ਤੇ ਅੱਗ ਬੁਝਾਊ ਦਸਤਿਆਂ ਨੇ ਚਾਰ ਘੰਟੇ ਦੀ ਜੱਦੋਜਹਿਦ ਮਗਰੋਂ ਮਸਾਂ ਕਾਬੂ ਪਾਇਆ। ਦੱਸਣਯੋਗ ਹੈ ਕਿ ਸ਼ੂਗਰਫੈੱਡ ਪੰਜਾਬ ਇਸ ਜੰਗਲ ਦੀ ਕਟਾਈ ਕਰਵਾ ਰਿਹਾ ਸੀ ਅਤੇ ਫ਼ਰੀਦਕੋਟ ਸ਼ਹਿਰ ਦੇ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਦੇ ਵਿਰੋਧ ਤੋਂ ਬਾਅਦ ਇਸ ਜੰਗਲ ਦੀ ਕਟਾਈ ਰੋਕ ਦਿੱਤੀ ਗਈ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕੱਟੇ ਜਾ ਰਹੇ ਜੰਗਲ ਵਿਚ ਜਾ ਕੇ ਮੌਕਾ ਦੇਖਿਆ ਅਤੇ ਮਾਮਲੇ ਦੀ ਪੜਤਾਲ ਦੇ ਆਦੇਸ਼ ਦਿੱਤੇ। ਹੁਣ ਜੰਗਲ ਵਿਚ ਦਰੱਖਤਾਂ ਦੀ ਗਿਣਤੀ ਕੀਤੀ ਜਾ ਰਹੀ ਸੀ ਪਰ ਬੀਤੀ ਰਾਤ ਜੰਗਲ ਨੂੰ ਭੇਤਭਰੇ ਢੰਗ ਨਾਲ ਅੱਗ ਲੱਗ ਗਈ। ਸ਼ੂਗਰਫੈੱਡ ਦੇ ਅਧਿਕਾਰੀਆਂ ਅਨੁਸਾਰ ਮਿੱਲ ਵਿੱਚ ਸਿਰਫ਼ 2057 ਰੁੱਖ ਸਨ ਜਦੋਂ ਕਿ ਵਾਤਾਵਰਨ ਪ੍ਰੇਮੀਆਂ ਅਨੁਸਾਰ ਇਸ ਮਿੱਲ ਵਿੱਚ 40 ਹਜ਼ਾਰ ਤੋਂ ਵੱਧ ਰੁੱਖ ਸਨ, ਜਿਨ੍ਹਾਂ ਦਾ ਵੱਡਾ ਹਿੱਸਾ ਵੱਢ ਦਿੱਤਾ ਗਿਆ ਹੈ। ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ, ਹਰਵਿੰਦਰ ਸਿੰਘ ਹੈਪੀ ਬਰਾੜ, ਗੁਰਪ੍ਰੀਤ ਸਿੰਘ ਸਰਾਂ, ਸੁਰਿੰਦਰ ਸਿੰਘ ਸਾਧਾਂਵਾਲਾ ਨੇ ਕਿਹਾ ਕਿ 135 ਕਿੱਲੇ ਦੇ ਵਿਸ਼ਾਲ ਜੰਗਲ ਨੂੰ ਸ਼ੂਗਰ ਫੈੱਡ ਨੇ ਕਥਿਤ ਨਿਯਮਾਂ ਦੀ ਅਣਦੇਖੀ ਕਰਕੇ ਸਿਰਫ਼ 67 ਲੱਖ ਰੁਪਏ ਵਿੱਚ ਹੀ ਵੇਚ ਦਿੱਤਾ। ਸ੍ਰੀ ਸੇਖੋਂ ਨੇ ਕਿਹਾ ਕਿ ਅੱਧੀ ਰਾਤ ਨੂੰ ਲੱਗੀ ਅੱਗ ਦੇ ਮਾਮਲੇ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੰਗਲ ਦੇ ਰੁੱਖਾਂ ਨੂੰ ਖੁਰਦ-ਬੁਰਦ ਕਰਨ ਲਈ ਇਹ ਅੱਗ ਜਾਣ ਬੁੱਝ ਕੇ ਲਾਈ ਗਈ ਹੈ।