ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੁਲਾਈ
ਬਾਘਾਪੁਰਾਣਾ ਵਿਚ ਬੀਤੀ ਸ਼ਾਮ ਹੋਏ ਬੰਬ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਅਤੇ ਕੌਮੀ ਜਾਂਚ ਏਜੰਸੀ (ਐਨਆਈਏ), ਬੰਬ ਨਿਰੋਧਕ ਦਸਤਿਆਂ ਦੀਆਂ ਟੀਮਾਂ ਨੇ ਜਾਂਚ ਕਰ ਕੇ ਨਮੂਨੇ ਹਾਸਲ ਕੀਤੇ ਹਨ। ਪੁਲੀਸ ਨੇ ਦਾਅਵਾ ਕੀਤਾ ਕਿ ਬੰਬ ਪਾਰਸਲ ’ਚ ਨਹੀਂ ਸੀ ਬਲਕਿ ਦੁਕਾਨ ਨੇੜੇ ਪਏ ਪੱਥਰ ਹੇਠਾਂ ਖੋਲ ਬਣਾ ਕੇ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ। ਇਸ ਮੌਕੇ ਫ਼ਰੀਦਕੋਟ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਤੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਜਾਂਚ ਕਰ ਰਹੀਆਂ ਹਨ, ਪਰ ਹਾਲੇ ਇਸ ਦੇ ਅਸਲ ਕਾਰਨ ਪਤਾ ਨਹੀਂ ਲੱਗਾ। ਇਸ ਮੌਕੇ ਐੱਸਪੀ ਗੁਰਦੀਪ ਸਿੰਘ ਵੀ ਮੌਜੂਦ ਸਨ।
ਸੁਪਰਡੈਂਟ ਆਫ ਪੁਲੀਸ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕਰ ਕੇ ਕਈ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੋਰੈਂਸਿਕ ਮਾਹਿਰਾਂ ਨੇ ਧਮਾਕੇ ਲਈ ਵਰਤੇ ਗਏ ਲੋਹੇ ਦੇ ਕਿੱਲ ਆਦਿ ਕਬਜ਼ੇ ਵਿੱਚ ਲੈ ਲਏ ਹਨ। ਕੌਮੀ ਜਾਂਚ ਏਜੰਸੀ (ਐਨਆਈਏ) ਅਤੇ ਬੱਬ ਨਿਰੋਧਕ ਦਸਤਿਆਂ ਦੀਆਂ ਟੀਮ ਨੇ ਵੀ ਜਾਂਚ ਸ਼ੁਰੂ ਕੀਤੀ ਹੈ। ਪੁਲੀਸ ਮੁਤਾਬਕ ਇਹ ਪਾਰਸਲ ਬੰਬ ਧਮਾਕਾ ਨਹੀਂ ਸੀ ਸਗੋਂ ਕੱਲ੍ਹ ਹੀ ਦੁਕਾਨਾਂ ਅੱਗੇ ਪਏ ਪੱਥਰ ਹੇਠ ਖੋਲ ਬਣਾ ਕੇ ਧਮਾਕਾਖੇਜ਼ ਸਮੱਗਰੀ ਰੱਖੀ ਗਈ ਸੀ। ਇਸ ਘਟਨਾ ’ਚ ਜਖ਼ਮੀ ਛੋਟੂ ਰਾਮ ਠਾਕਰ (47) ਵਾਸੀ ਬਾਘਾਪੁਰਾਣਾ ਦੇ ਬਿਆਨ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਮੁਤਾਬਕ ਉਹ ਕੱਲ੍ਹ ਕੁਰੀਅਰ ਕੰਪਨੀ ਵਿਚ ਕੰਮ ਕਰਦੇ ਆਪਣੇ ਭਤੀਜੇ ਗੁਰਦੀਪ ਸਿੰਘ ਨਾਲ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ ਤੋਂ ਪਾਰਸਲ ਲੈ ਕੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਗੁਰਦੀਪ ਸਿੰਘ ਰਸਤੇ ਵਿੱਚ ਫੋਟੋ ਸਟੇਟ ਕਰਨ ਲਈ ਸਟਾਰ ਕਮਿਊਨੀਕੇਸ਼ਨ ਕੁਰੀਅਰ ਦੀ ਦੁਕਾਨ ਵਿਚ ਚਲਾ ਗਿਆ। ਇਸ ਦੌਰਾਨ ਸ਼ਿਕਾਇਤਕਰਤਾ ਕੁਰੀਅਰ ਵਾਲਾ ਬੈਗ ਲੈ ਕੇ ਦੁਕਾਨ ਨੇੜੇ ਪੱਥਰ ’ਤੇ ਬੈਠ ਗਿਆ ਤੇ ਇਸੇ ਦੌਰਾਨ ਉੱਥੇ ਜ਼ੋਰਦਾਰ ਧਮਾਕਾ ਹੋ ਗਿਆ। ਇਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਬੈਗ ਫਟਣ ਕਰ ਕੇ ਪਾਰਸਲ ਖਿੱਲਰ ਗਏ। ਇਸ ਧਮਾਕੇ ਕਾਰਨ ਦੁਕਾਨ ਦੇ ਸਾਹਮਣੇ ਵਾਲੇ ਸ਼ੀਸ਼ੇ ਵੀ ਟੁੱਟ ਗਏ।