ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਸਤੰਬਰ
ਸਥਾਨਕ ਹਵਾਈ ਅੱਡੇ ’ਤੇ ਦੁਬਈ ਜਾ ਰਹੀ ਇਕ ਉਡਾਣ ਰਾਹੀਂ ਜਾਣ ਵਾਲੇ ਦੋ ਭਾਰਤੀ ਯਾਤਰੀਆਂ ਕੋਲੋਂ ਲਗਪਗ 21 ਹਜ਼ਾਰ ਯੂਰੋ ਬਰਾਮਦ ਹੋਏ ਹਨ, ਜਿਸ ਦੀ ਭਾਰਤੀ ਕਰੰਸੀ ਵਿੱਚ ਕੀਮਤ 32 ਲੱਖ 86 ਹਜ਼ਾਰ ਰੁਪਏ ਬਣਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਯਾਤਰੀ ਏਅਰ ਇੰਡੀਆ ਐਕਸਪ੍ਰੈੱਸ ਰਾਹੀਂ ਦੁਬਈ ਜਾ ਰਹੇ ਸਨ। ਇਸ ਮੌਕੇ ਹਵਾਈ ਅੱਡੇ ’ਤੇ ਤਾਇਨਾਤ ਸੀਆਈਐੱਸਐੱਫ ਨੂੰ ਇਨ੍ਹਾਂ ’ਤੇ ਸ਼ੱਕ ਹੋਇਆ, ਜਿਸ ਦੇ ਆਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਦੋਵਾਂ ਦੇ ਕਬਜ਼ੇ ’ਚੋਂ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਦੋਵੇਂ ਮੁਲਜ਼ਮਾਂ ਨੂੰ ਬਾਅਦ ਵਿੱਚ ਕਸਟਮ ਵਿਭਾਗ ਹਵਾਲੇ ਕਰ ਦਿੱਤਾ ਗਿਆ ਤੇ ਕਸਟਮ ਅਧਿਕਾਰੀਆਂ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਨੇ ਬਰਾਮਦ ਹੋਈ ਕਰੰਸੀ ਵੀ ਜ਼ਬਤ ਕਰ ਲਈ ਹੈ।