ਚਰਨਜੀਤ ਭੁੱਲਰ
ਚੰਡੀਗੜ੍ਹ, 31 ਅਗਸਤ
ਜ਼ਿਲ੍ਹਾ ਮਾਨਸਾ ਦੇ ਫੂਡ ਇੰਸਪੈਕਟਰਾਂ ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਮਾਨਸਾ ’ਤੇ ਜਬਰੀ ਪ੍ਰਾਹੁਣਚਾਰੀ ਕਰਉਣ ਦੇ ਦੋਸ਼ ਲਾਏ ਹਨ। ਖ਼ਫ਼ਾ ਹੋਏ ਫੂਡ ਇੰਸਪੈਕਟਰਾਂ ਨੇ ਅੱਜ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇੱਕ ਸ਼ਿਕਾਇਤ ਸੌਂਪੀ ਹੈ, ਜਿਸ ਵਿੱਚ ਉਨ੍ਹਾਂ ਤਿੰਨ ਮਹੀਨਿਆਂ ਤੋਂ ਉਕਤ ਅਧਿਕਾਰੀ ਦੀ ਵਗਾਰ ਝੱਲਣ ਦੀ ਗੱਲ ਆਖੀ ਗਈ ਹੈ। ਫੂਡ ਸਪਲਾਈ ਇੰਸਪੈਕਟੋਰੇਟ ਯੂਨੀਅਨ ਮਾਨਸਾ ਨੇ ਇਸ ਅਧਿਕਾਰੀ ਸਬੰਧੀ ਜਾਂਚ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਖ਼ੁਰਾਕ ਤੇ ਸਪਲਾਈ ਮੰਤਰੀ ਦੇ ਨਾਮ ਲਿਖੀ ਇਸ ਸ਼ਿਕਾਇਤ ਨਾਲ ਇੱਕ ਸੂਚੀ ਵੀ ਨੱਥੀ ਕੀਤੀ ਗਈ ਹੈ, ਜਿਸ ਵਿੱਚ 8 ਜੂਨ 2022 ਤੋਂ 31 ਅਗਸਤ 2022 ਤੱਕ ਇਸ ਅਧਿਕਾਰੀ ਦੀ ਪ੍ਰਾਹੁਣਚਾਰੀ ’ਤੇ ਕੀਤੇ ਖ਼ਰਚੇ ਦਾ ਵੇਰਵਾ ਹੈ, ਜਿਸ ਦਾ ਕੁੱਲ ਜੋੜ 1,16,355 ਰੁਪਏ ਦੱਸਿਆ ਗਿਆ ਹੈ। ਜ਼ਿਲ੍ਹੇ ਦੇ ਦਰਜਨਾਂ ਫੂਡ ਇੰਸਪੈਕਟਰਾਂ ਨੇ ਸ਼ਿਕਾਇਤ ’ਚ ਦੋਸ਼ ਲਾਏ ਹਨ ਕਿ ਜ਼ਿਲ੍ਹਾ ਅਧਿਕਾਰੀ ਵੱਲੋਂ ਹੋਟਲਾਂ ਵਿੱਚ ਠਹਿਰ ਦੇ ਬਿੱਲ, ਘਰ ਦੇ ਰਾਸ਼ਨ ਦਾ ਖਰਚਾ, ਫ਼ਰਿੱਜ, ਡਿਸ਼ ਟੀਵੀ, ਬਲੈਂਕਟ ਤੇ ਚਾਦਰਾਂ, ਖਾਣੇ ਲਈ ਟਿਫ਼ਨ, ਗੈਸ ਸਿਲੰਡਰ ਤੇ ਚੁੱਲ੍ਹਾ ਤੇ ਰੈਸਟ ਹਾਊਸ ਆਦਿ ਦਾ ਖਰਚਾ ਫ਼ੀਲਡ ਸਟਾਫ਼ ਤੋਂ ਜਬਰੀ ਕਰਵਾਇਆ ਗਿਆ ਹੈ।
ਫੂਡ ਇੰਸਪੈਕਟਰਾਂ ਨੇ ਲਿਖਿਆ ਹੈ ਕਿ ਫ਼ੀਲਡ ਸਟਾਫ਼ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਬੇਲੋੜੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ। ਸ਼ਿਕਾਇਤ ਵਿੱਚ ਇੱਕੋ ਦਿਨ ਵਿੱਚ ਦੋ ਆਰਡਰ ਕਰਨ ਦੀ ਗੱਲ ਵੀ ਆਖੀ ਗਈ ਹੈ। ਕੁਝ ਬਦਲੀਆਂ ਮਗਰੋਂ ਰੱਦ ਕਰ ਦਿੱਤੀਆਂ ਗਈਆਂ।
ਇਹ ਵੀ ਦੋਸ਼ ਲਾਏ ਹਨ ਕਿ ਚੌਲ ਮਿੱਲਾਂ ਦੀ ਅਲਾਟਮੈਂਟ ਵਿੱਚ ਗੜਬੜੀ ਹੈ। ਇਨ੍ਹਾਂ ਇੰਸਪੈਕਟਰਾਂ ਨੇ ਪੜਤਾਲ ਹੋਣ ’ਤੇ ਸਾਰੇ ਸਬੂਤ ਦੇਣ ਦੀ ਗੱਲ ਵੀ ਆਖੀ ਹੈ।
ਯੂਨੀਅਨ ਦੇ ਸੂਬਾ ਸਰਪ੍ਰਸਤ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਪਾਣੀ ਉਨ੍ਹਾਂ ਦੇ ਸਿਰਾਂ ਉੱਤੋਂ ਲੰਘ ਗਿਆ ਤਾਂ ਉਦੋਂ ਉਨ੍ਹਾਂ ਨੂੰ ਸ਼ਿਕਾਇਤ ਕਰਨੀ ਪਈ ਹੈ। ਉਨ੍ਹਾਂ ਜ਼ਿਲ੍ਹਾ ਯੂਨਿਟ ਨੇ ਅਧਿਕਾਰੀ ਦਾ ਵਤੀਰਾ ਠੀਕ ਨਾ ਹੋਣ ਦੀ ਗੱਲ ਵੀ ਆਖੀ ਹੈ। ਫੂਡ ਇੰਸਪੈਕਟਰਾਂ ਨੇ ਕਿਹਾ ਕਿ ਉਹ ਭਲਕੇ ਮੰਤਰੀ ਨੂੰ ਮਿਲਣਗੇ ਤੇ ਜੇਕਰ ਲੋੜ ਪਈ ਤਾਂ ਨਿਆਂ ਲਈ ਸੰਘਰਸ਼ ਵੀ ਕਰਨਗੇ। ਦੱਸਣਯੋਗ ਹੈ ਕਿ ਇਸ ਜ਼ਿਲ੍ਹਾ ਅਧਿਕਾਰੀ ਦੀ ਸੇਵਾਮੁਕਤੀ ਵਿੱਚ ਸੱਤ ਮਹੀਨੇ ਬਾਕੀ ਰਹਿ ਗਏ ਹਨ।
ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ: ਡੀਐਫਐਸਸੀ
ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਮਾਨਸਾ ਡਾ. ਨਿਰਮਲ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਹਿਕਮਾ ਕੋਈ ਵੀ ਪੜਤਾਲ ਕਰਾ ਲਏ, ਉਨ੍ਹਾਂ ਨੂੰ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇਮਾਨਦਾਰੀ ਨਾਲ ਸਰਵਿਸ ਕਰਨਾ ਚਾਹੁੰਦੇ ਹਨ, ਪਰ ਕੁਝ ਇੰਸਪੈਕਟਰ ਪਾਲਿਸੀ ਮੁਤਾਬਕ ਕੰਮ ਕਰਵਾਏ ਜਾਣ ਤੋਂ ਔਖੇ ਹਨ ਤੇ ਬਦਲੀਆਂ ਕੀਤੇ ਜਾਣ ’ਤੇ ਇਸ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਕਿਸੇ ਸਟਾਫ਼ ਮੈਂਬਰ ਤੋਂ ਕੋਈ ਮੰਗ ਨਹੀਂ ਕੀਤੀ, ਸਗੋਂ ਉਨ੍ਹਾਂ (ਇੰਸਪੈਕਟਰਾਂ) ਨੇ ਖ਼ੁਦ ਹੋਟਲ ’ਚ ਕਮਰਾ ਬੁੱਕ ਕਰਾ ਕੇ ਦਿੱਤਾ ਹੈ। ਪ੍ਰਾਹੁਣਚਾਰੀ ਵਾਲੀ ਸੂਚੀ ਝੂਠੀ ਤਿਆਰ ਕੀਤੀ ਹੈ।
ਸ਼ਿਕਾਇਤ ਪ੍ਰਾਪਤ ਹੋਈ ਹੈ: ਡਾਇਰੈਕਟਰ
ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਘਣਸ਼ਿਆਮ ਥੋਰੀ ਦਾ ਕਹਿਣਾ ਸੀ ਕਿ ਅੱਜ ਜ਼ਿਲ੍ਹਾ ਮਾਨਸਾ ਦੇ ਫੂਡ ਇੰਸਪੈਕਟਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹ ਭਲਕੇ ਵਿਭਾਗ ਦੇ ਸਕੱਤਰ ਨਾਲ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੋ ਦੋਸ਼ ਲਗਾਏ ਗਏ ਹਨ, ਉਨ੍ਹਾਂ ਬਾਰੇ ਫ਼ੌਰੀ ਕੁੱਝ ਨਹੀਂ ਕਿਹਾ ਜਾ ਸਕਦਾ।