ਆਤਿਸ਼ ਗੁਪਤਾ
ਚੰਡੀਗੜ੍ਹ, 7 ਮਾਰਚ
ਆਮ ਆਦਮੀ ਪਰਾਟੀ (ਆਪ) ਨੂੰ ਪੰਜਾਬ ਵੱਲੋਂ ਪਹਿਲੀ ਵਾਰ ਰਾਜ ਸਭਾ ਵਿੱਚ ਨੁਮਾਇੰਦਗੀ ਮਿਲ ਸਕਦੀ ਹੈ। ਉਸ ਲਈ ‘ਆਪ’ ਵਿੱਚ ਵੀ ਰਾਜ ਸਭਾ ਦੀ ਮੈਂਬਰੀ ਦੇ ਚਾਹਵਾਨਾਂ ਨੇ ਜੱਦੋਜਹਿਦ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ‘ਆਪ’ ਕਿਹੜੇ ਉਮੀਦਵਾਰਾਂ ਨੂੰ ਰਾਜ ਸਭਾ ਮੈਂਬਰ ਲਈ ਚੋਣ ਮੈਦਾਨ ਵਿੱਚ ਉਤਾਰੇਗੀ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ‘ਆਪ’ ਦੇ ਰਾਜ ਸਭਾ ਵਿੱਚ ਤਿੰਨ ਮੈਂਬਰ ਸ਼ਾਮਲ ਹਨ। ਗੌਰਤਲਬ ਹੈ ਕਿ ਸਾਲ 2017 ਵਿੱਚ ਪਹਿਲੀ ਵਾਰ ‘ਆਪ’ ਨੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲਿਆ ਸੀ ਤੇ ਪਾਰਟੀ ਦੇ 20 ਵਿਧਾਇਕਾਂ ਨੇ ਜਿੱਤ ਹਾਸਿਲ ਕੀਤੀ ਸੀ। 20 ਵਿਧਾਇਕਾਂ ਦੇ ਨਾਲ ‘ਆਪ’ ਪਹਿਲੀ ਵਾਰ ਵਿੱਚ ਲੰਬਾ ਸਮਾਂ ਪੰਜਾਬ ਵਿੱਚ ਰਾਜ ਕਰਦੀ ਆਈ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਦੇ ਹੋਏ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ ਸੀ। ਸਾਲ 2016 ਵਿੱਚ ਪੰਜਾਬ ਦੇ ਰਾਜਸਭਾ ਮੈਂਬਰਾਂ ਦੀ ਚੋਣ ਪੂਰੀ ਹੋਣ ਕਰਕੇ ‘ਆਪ’ ਆਗੂ ਰਾਜ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇ ਸੀ। 10 ਮਾਰਚ 2022 ਨੂੰ ਆਉਣ ਵਾਲੇ ਨਤੀਜਿਆ ਵਿੱਚ ‘ਆਪ’ ਕੋਲ ਵਿਧਾਇਕਾਂ ਦੀ ਗਿਣਤੀ ਪੂਰੀ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਵੱਲੋਂ ਰਾਜ ਸਭਾ ਵਿੱਚ ਆਪਣਾ ਖਾਤਾ ਖੋਲ੍ਹ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ 7 ਰਾਜ ਸਭਾ ਸੀਟਾਂ ਹਨ ਜਿਨ੍ਹਾਂ ਵਿੱਚੋਂ ਤਿੰਨ ’ਤੇ ਕਾਂਗਰਸ, ਤਿੰਨ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇਕ ਸੀਟ ’ਤੇ ਭਾਜਪਾ ਕਾਬਜ਼ ਹੈ। ਇਨ੍ਹਾਂ ਵਿੱਚੋਂ 5 ਰਾਜ ਸਭਾ ਮੈਂਬਰਾਂ ਦੀਆਂ ਸੀਟਾਂ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਜਿਨ੍ਹਾਂ ਦੀ ਚੋਣ 31 ਮਾਰਚ ਨੂੰ ਰੱਖੀ ਗਈ ਹੈ। ਰਹਿੰਦੀਆਂ ਦੋ ਸੀਟਾਂ ਦਾ ਕਾਰਜਕਾਲ ਵੀ ਇਸੇ ਸਾਲ ਜੁਲਾਈ ਮਹੀਨੇ ਖਤਮ ਹੋਵੇਗਾ।