ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਪਰੈਲ
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਵਾਸਤੇ 8 ਮਈ ਨੂੰ ਹੋਣ ਵਾਲੀ ਚੋਣ ਲਈ ਅੱਜ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਨ੍ਹਾਂ ਆਪਣਾ ਨਾਮਜ਼ਦਗੀ ਪੱਤਰ ਰਿਟਰਨਿੰਗ ਅਧਿਕਾਰੀ ਪ੍ਰੋ. ਵਰਿਆਮ ਸਿੰਘ, ਹਰਜੀਤ ਸਿੰਘ ਤਰਨ ਤਾਰਨ ਅਤੇ ਨਰਿੰਦਰ ਸਿੰਘ ਖੁਰਾਣਾ ਨੂੰ ਸੌਂਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਆਨਰੇਰੀ ਸਕੱਤਰ (ਐਜੂਕੇਸ਼ਨ ਕਮੇਟੀ) ਡਾ. ਸਰਬਜੀਤ ਸਿੰਘ ਛੀਨਾ, ਸੁਖਜਿੰਦਰ ਸਿੰਘ ਪ੍ਰਿੰਸ, ਜਸਪਾਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸੇਠੀ ਤੇ ਹੋਰ ਹਾਜ਼ਰ ਸਨ। ਰਿਟਰਨਿੰਗ ਅਧਿਕਾਰੀ ਖੁਰਾਣਾ ਨੇ ਦੱਸਿਆ ਕਿ ਹੁਣ ਤੱਕ ਦੋ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਿਨ੍ਹਾਂ ’ਚੋਂ ਇਕ ਮੌਜੂਦਾ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਦੂਜੀ ਸਰਬਜੀਤ ਸਿੰਘ ਦੀ ਹੈ। ਡਾ. ਨਿੱਝਰ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ।