ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਸਤੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਲੋਕਧਾਰਾ ਵਿਗਿਆਨੀ ਡਾ. ਦਰਿਆ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਡਾ. ਦਰਿਆ ਦਾ ਜਨਮ ਪਹਿਲੀ ਅਗਸਤ 1971 ਨੂੰ ਪੰਜਾਬੀ ਲੋਕਧਾਰਾ ਦੇ ਖੋਜੀ ਸ਼ਿੰਗਾਰਾ ਆਜੜੀ ਦੇ ਘਰ ਪ੍ਰੀਤ ਨਗਰ ’ਚ ਹੋਇਆ।
ਉਨ੍ਹਾਂ ਜੀਐੱਨਡੀਯੂ ਤੋਂ ਪੀਐੱਚ.ਡੀ. ਕਰਨ ਉਪਰੰਤ ਅਧਿਆਪਨ ਦੇ ਖੇਤਰ ’ਚ ਪ੍ਰਵੇਸ਼ ਕੀਤਾ। ਉਨ੍ਹਾਂ ਦੀ ਪੁਸਤਕ ‘ਸਾਂਸੀ ਕਬੀਲੇ ਦਾ ਸੱਭਿਆਚਾਰ’ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਪ੍ਰਾਪਤ ਹੋਇਆ। ਪੰਜਾਬੀ ਸਾਹਿਤ ਅਤੇ ਲੋਕਧਾਰਾ ਸਬੰਧੀ ਉਨ੍ਹਾਂ ਨੇ ਦਰਜਨ ਪੁਸਤਕਾਂ ਤੇ ਵੱਡੀ ਗਿਣਤੀ ਵਿਚ ਖੋਜ ਪੱਤਰ ਲਿਖੇ। ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੇ ਬੀ.ਯੂ.ਸੀ. ਕਾਲਜ ਬਟਾਲਾ ’ਚ ਪੜ੍ਹਾਉਣ ਉਪਰੰਤ ਉਹ 23 ਜਨਵਰੀ 2006 ਨੂੰ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲੈਕਚਰਾਰ ਨਿਯੁਕਤ ਹੋਏ। ਐਸੋਸੀਏਟ ਪ੍ਰੋਫ਼ੈਸਰ ਵਜੋਂ ਪਦਉੱਨਤੀ ਪ੍ਰਾਪਤ ਕਰਨ ਉਪਰੰਤ ਪਹਿਲੀ ਜਨਵਰੀ, 2020 ਨੂੰ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ।
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਨੇ ਲੋਕਧਾਰਾ ਵਿਗਿਆਨੀ ਤੇ ਚਿੰਤਕ ਪ੍ਰੋ. ਦਰਿਆ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਦਰਿਆ ਨੇ ‘ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ’, ‘ਪੰਜਾਬੀ ਲੋਕ ਧਰਮ: ਇੱਕ ਅਧਿਐਨ’, ‘ਪੰਜਾਬ ਦੇ ਕਬੀਲੇ: ਅਤੀਤ ਤੇ ਵਰਤਮਾਨ’, ‘ਪੰਜਾਬੀ ਲੋਕਧਾਰਾ ਤੇ ਸੱਭਿਆਚਾਰ: ਬਦਲਦੇ ਪਰਿਪੇਖ’, ‘ਪੰਜਾਬੀ ਲੋਕਧਾਰਾ ਅਧਿਐਨ: ਵਿਭਿੰਨ ਪਾਸਾਰ’, ‘ਪੰਜਾਬੀ ਲੋਕ ਧਰਮ: ਸਮਾਜ ਮਨੋਵਿਗਿਆਨਕ ਅਧਿਐਨ’, ਅਤੇ ‘ਜੰਗਲ ਦੇ ਨਾਲ-ਨਾਲ’ (ਕਾਵਿ ਸੰਗ੍ਰਹਿ) ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।