ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਈ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਥੇਬੰਦੀ ਨੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਵੱਲੋਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨਾਲ ਹੋਈ ਦੁਵੱਲੀ ਗੱਲਬਾਤ ਦੌਰਾਨ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਤੋਂ ਸਾਂਝੇ ਬਿਆਨ ਵਿੱਚ ਜਥੇਬੰਦੀ ਦੇ ਉੱਤਰੀ ਅਮਰੀਕਾ ਤੋਂ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ (ਅਮਰੀਕਾ) ਤੇ ਬੁਲਾਰੇ ਮੋਹਿਤ ਧੰਜੂ (ਕੈਨੇਡਾ) ਨੇ ਬਰੈਂਪਟਨ ਉੱਤਰੀ ਦੀ ਨੁਮਾਇੰਦਗੀ ਕਰਦੀ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਕੈਨੇਡਾ ਦੀ ਸੰਸਦ ਵਿੱਚ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦਾ ਮੁੱਦਾ ਉਠਾਉਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਸੰਸਦ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੂੰ ਉਡਾਣਾਂ ਦੇ ਮੁੱਦੇ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੰਤਰੀ ਅਲਘਬਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਵੀ ਇਸ ਬਾਬਤ ਚਰਚਾ ਕੀਤੀ ਗਈ ਹੈ।
ਇਸ ਮਗਰੋਂ ਐੱਮਪੀ ਸਹੋਤਾ ਨੇ ਏਅਰ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕੈਨੇਡਾ ਦੀ ਸੰਸਦ ਅਤੇ ਭਾਰਤ-ਕੈਨੇਡਾ ਦੇ ਮੰਤਰੀਆਂ ਦੀ ਦੁਵੱਲੀ ਗੱਲਬਾਤ ਵਿੱਚ ਇਸ ਮੁੱਦੇ ’ਤੇ ਗੱਲਬਾਤ ਹੋਣ ਨਾਲ ਲੰਮੇ ਸਮੇਂ ਤੋਂ ਰੱਖੀ ਜਾ ਰਹੀ ਇਹ ਮੰਗ ਪੂਰੀ ਹੋਣ ਦੀ ਉਮੀਦ ਜਾਗੀ ਹੈ। ਜ਼ਿਕਰਯੋਗ ਹੈ ਕਿ ਜਨਵਰੀ 2022 ਵਿੱਚ ਕੈਨੇਡਾ ਤੋਂ ਮੋਹਰੀ ਮੋਹਿਤ ਧੰਜੂ ਨੇ ਕੈਨੇਡਾ ਦੀ ਸੰਸਦ ਵਿੱਚ ਸਿੱਧੀਆਂ ਉਡਾਣਾਂ ਸਬੰਧੀ ਪਟੀਸ਼ਨ ਪਾਈ ਸੀ, ਜਿਸ ਨੂੰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਰੈਡ ਵਿਸ ਨੇ ਸਮਰਥਨ ਦਿੱਤਾ ਸੀ।