ਬਲਵਿੰਦਰ ਸਿੰਘ ਭੰਗੂ
ਭੋਗਪੁਰ,13 ਜੁਲਾਈ
ਕੌਮੀ ਮਾਰਗ ਉੱਚਾ ਹੋਣ ਕਾਰਨ ਬਰਸਾਤ ਦੇ ਪਾਣੀ ਦੀ ਪੱਛਮ ਦਿਸ਼ਾ ਵੱਲ ਨਿਕਾਸੀ ਬੰਦ ਹੋ ਗਈ ਹੈ ਜਿਸ ਕਾਰਨ ਭੋਗਪੁਰ ਸ਼ਹਿਰ ਅਤੇ ਪਿੰਡ ਲੜੋਆ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਨੰਬਰਦਾਰ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਕੌਮੀ ਮਾਰਗ ਉੱਚਾ ਕਰ ਦਿੱਤਾ ਗਿਆ ਹੈ ਅਤੇ ਦੋ ਬਰਸਾਤੀ ਪਾਣੀ ਦੇ ਨਿਕਾਸੀ ਨਾਲੇ ਲੋਕਾਂ ਨੇ ਮਿੱਟੀ ਨਾਲ ਪੂਰ ਕੇ ਆਪਣੀ ਜ਼ਮੀਨ ਵਿੱਚ ਸ਼ਾਮਲ ਕਰ ਲਏ ਹਨ,ਇਹੀ ਪਾਣੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੜੋਆ ਦੇ ਨੇੜੇ ਕੌਮੀ ਮਾਰਗ ਹੇਠਾਂ ਬਣੇ ਪੁਲ ਦੇ ਵਿੱਚ ਦੀ ਨਿਕਾਸ ਕਰਕੇ ਪਿੰਡ ਲੜੋਆ ਦੀ ਤਬਾਹੀ ਕਰੇਗਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਪੱਛਮ ਦਿਸ਼ਾ ਵੱਲ ਨੂੰ ਨਿਕਲਦੇ ਬਰਸਾਤੀ ਪਾਣੀ ਦੇ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਲੈਕੇ, ਉਨ੍ਹਾਂ ਵਿੱਚੋਂ ਮਿੱਟੀ ਕੱਢ ਕੇ ਸਫਾਈ ਕਰਵਾਈ ਜਾਵੇ। ਜਦੋਂ ਈਐੱਮ ਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨਾਲ ਇਲਾਕੇ ਵਿੱਚ ਬਰਸਾਤੀ ਪਾਣੀ ਨਾਲ ਆਉਣ ਵਾਲੇ ਹੜ੍ਹ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਹੜ੍ਹਾਂ ਦੀ ਰੋਕਥਾਮ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਅਗਲੀ ਮੀਟਿੰਗ ਵਿੱਚ ਭੋਗਪੁਰ ਦੇ ਮਿੱਟੀ ਨਾਲ ਪੂਰੇ ਦੋਵੇਂ ਨਿਕਾਸੀ ਨਾਲਿਆਂ ਦਾ ਮੁੱਦਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਨਿਕਾਸੀ ਨਾਲਿਆਂ ਦੀ ਨਿਸ਼ਾਨਦੇਹੀ ਕਰਾਉਣ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੇ।