ਕੇ.ਪੀ. ਸਿੰਘ/ਜਤਿੰਦਰ ਸਿੰਘ
ਗੁਰਦਾਸਪੁਰ, 31 ਜੁਲਾਈ
ਮਕੌੜਾ ਪੱਤਣ ’ਤੇ ਰਾਵੀ ਦਰਿਆ ਵਿਚ ਰਲਣ ਵਾਲੇ ਉਝ ਦਰਿਆ ’ਚ ਐਤਵਾਰ ਨੂੰ ਕਰੀਬ ਦੋ ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਉਝ ਦਰਿਆ ਵਿੱਚ ਪਾਣੀ ਛੱਡੇ ਜਾਣ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਵਿੱਚ ਸੰਭਾਵਿਤ ਹੜ੍ਹਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਲ ਲੱਗਦੇ ਡੇਰਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਰਾਹਤ ਕੇਂਦਰ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਜੰਮੂ-ਕਸ਼ਮੀਰ ਤੋਂ ਨਿਕਲਣ ਵਾਲਾ ਉਝ ਦਰਿਆ ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਇਲਾਕੇ ’ਚੋਂ ਪੰਜਾਬ ਵਿਚ ਦਾਖ਼ਲ ਹੁੰਦਾ ਹੈ ਅਤੇ ਪਾਕਿਸਤਾਨ ਦੇ ਇਲਾਕੇ ’ਚੋਂ ਮੋੜਾ ਕੱਟਦਾ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ’ਚ ਆ ਕੇ ਰਾਵੀ ਦਰਿਆ ਵਿਚ ਰਲਦਾ ਹੈ।
ਮਕੌੜਾ ਪੱਤਣ ’ਤੇ ਕਿਸ਼ਤੀਆਂ ਨਾ ਚੱਲਣ ਕਾਰਨ ਦਰਿਆ ਤੋਂ ਪਾਰ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਤੂਰ, ਚੇਬੇ, ਭਰਿਆਲ, ਲਸਿਆਨ, ਕਜਲੇ, ਮੰਮੀ ਚੱਕ ਰੰਗਾ ਦਾ ਸੰਪਰਕ ਵੀ ਟੁੱਟ ਗਿਆ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਵੱਲੋਂ ਮਕੌੜਾ ਪੱਤਣ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਰਾਵੀ ਦਰਿਆ ਕੰਢੇ ਬੈਠੇ ਗੁੱਜਰਾਂ ਨੂੰ ਪਸ਼ੂਆਂ ਸਮੇਤ ਸੁਰੱਖਿਅਤ ਕੱਢਿਆ ਗਿਆ। ਡਾ. ਨਿਧੀ ਨੇ ਕਿਹਾ ਕਿ ਮਕੌੜਾ ਪੱਤਣ ਵਿਚ ਹੰਗਾਮੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਜਗ੍ਹਾ ’ਤੇ ਤਬਦੀਲ ਕਰਨ ਲਈ ਸਰਕਾਰੀ ਸਕੂਲ ਝਬਕਰਾ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਪਾਣੀ ਵਧਣ ਦੀ ਖਬਰ ਸੁਣ ਕੇ ਸਹਿਮ ਜਾਂਦੇ ਹਨ ਸਰਹੱਦੀ ਖੇਤਰ ਦੇ ਲੋਕ
ਅਜਨਾਲਾ (ਸੁਖਦੇਵ ਸਿੰਘ ਸੁੱਖ): ਰਾਵੀ ਵਿੱਚ ਪਾਣੀ ਦਾ ਪੱਧਰ ਕਾਫੀ ਵਧਣ ਕਾਰਨ ਅੱਜ ਸਰਹੱਦੀ ਖੇਤਰ ਅਤੇ ਦਰਿਆ ਨਾਲ ਵਸਦੇ ਲੋਕਾਂ ਵਿੱਚ ਸਹਿਮ ਹੈ। ਇੱਥੇ ਸਾਲ 1988 ਵਿੱਚ ਆਏ ਹੜ੍ਹਾਂ ਨੂੰ ਲੋਕ ਅਜੇ ਤੱਕ ਨਹੀਂ ਭੁੱਲੇ, ਉਸ ਸਮੇਂ 6 ਤੋਂ 10 ਫੁੱਟ ਤਕ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਗਿਆ ਸੀ ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਖਰਾਬ ਹੋਣ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂ ਮਾਰੇ ਗਏ ਸਨ।
ਘੱਗਰ ਤੇ ਸਤਲੁਜ ’ਚ ਪਾਣੀ ਦਾ ਪੱਧਰ ਵਧਿਆ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਭਾਰੀ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਸਬਜ਼ੀਆਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਤੋਂ ਇਲਾਵਾ ਨੀਵੇਂ ਖੇਤਰ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਦੂਜੇ ਪਾਸੇ ਮੀਂਹ ਕਰਕੇ ਸਤਲੁਜ ਅਤੇ ਘੱਗਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ਜਿਸ ਕਾਰਨ ਨੇੜਲੇ ਖੇਤਰ ਦੇ ਲੋਕ ਕਾਫੀ ਸਹਿਮੇ ਹੋਏ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 24 ਘੰਟਿਆਂ ਦੌਰਾਨ ਹਲਕਾ ਮੀਂਹ ਪੈਣ ਤੋਂ ਇਲਾਵਾ 2 ਤੇ 3 ਅਗਸਤ ਨੂੰ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਚੰਡੀਗੜ੍ਹ ਅਤੇ ਹਰਿਆਣਾ ਵਿੱਚ ਵੀ ਭਰਵਾਂ ਮੀਂਹ ਪਿਆ ਹੈ। ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਕਾਰਨ ਨਰਮਾ ਪੱਟੀ ਇਲਾਕੇ ਵਿੱਚ ਫ਼ਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਮਲੋਟ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ।